26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਡੇਰਾਬੱਸੀ ਦੀ ਧਨੌਨੀ ਮੰਡੀ 'ਚ ਝੋਨੇ ਦੀ ਸਰਕਾਰੀ ਖ਼ਰੀਦ ਠੱਪ

ਡੇਰਾਬੱਸੀ (ਮੁਹਾਲੀ), 26 ਅਕਤੂਬਰ (ਰਣਬੀਰ ਸਿੰਘ ਪੜ੍ਹੀ) - ਝੋਨੇ ਦੇ ਖ਼ਰੀਦ ਸੀਜ਼ਨ ਦੌਰਾਨ ਧਨੌਨੀ ਅਨਾਜ ਮੰਡੀ ਵਿਚ ਸਰਕਾਰੀ...

ਅਜੀਤ ਡੈਸਕ 26-10-2026

ਡੇਰਾਬੱਸੀ (ਮੁਹਾਲੀ), 26  ਅਕਤੂਬਰ (ਰਣਬੀਰ ਸਿੰਘ ਪੜ੍ਹੀ) - ਝੋਨੇ ਦੇ ਖ਼ਰੀਦ ਸੀਜ਼ਨ ਦੌਰਾਨ ਧਨੌਨੀ ਅਨਾਜ ਮੰਡੀ ਵਿਚ ਸਰਕਾਰੀ ਖ਼ਰੀਦ ਬੰਦ ਹੋਣ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਪਹਿਲਾਂ ਹੀ ਨਮੀ, ਭਾਅ ਵਿਚ ਕਟੌਤੀ ਅਤੇ ਚੁਕਾਈ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਕਿਸਾਨਾਂ ਲਈ ਹੁਣ ਖ਼ਰੀਦ ਰੁਕਣਾ ਕਾਰਨ  ਨਵਾਂ ਸੰਕਟ ਖੜਾ ਹੋ ਗਿਆ ਹੈ। ਮੰਡੀ ਵਿਚ ਝੋਨੇ ਦੀ ਆਮਦ ਜਾਰੀ ਹੋਣ ਦੇ ਬਾਵਜੂਦ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਆੜ੍ਹਤੀਆ ਐਸੋਸੀਏਸ਼ਨ ਨੇ ਮਾਰਕੀਟ ਕਮੇਟੀ ਡੇਰਾਬੱਸੀ ਦੇ ਸਕੱਤਰ ਨੂੰ ਲਿਖਤੀ ਪੱਤਰ ਸੌਂਪ ਕੇ ਖ਼ਰੀਦ ਤੁਰੰਤ ਬਹਾਲ ਕਰਵਾਉਣ ਦੀ ਮੰਗ ਕੀਤੀ ਹੈ।
ਐਸੋਸੀਏਸ਼ਨ ਵਲੋਂ ਪੱਤਰ ਵਿਚ ਦੱਸਿਆ ਗਿਆ ਕਿ ਪਿਛਲੇ ਦੋ ਦਿਨਾਂ ਤੋਂ ਮੰਡੀ ਵਿਚ ਸਰਕਾਰੀ ਖ਼ਰੀਦ ਨਹੀਂ ਹੋ ਰਹੀ, ਜਦਕਿ ਕਿਸਾਨਾਂ ਦੀ ਫ਼ਸਲ ਦੀ ਆਮਦ ਲਗਾਤਾਰ ਜਾਰੀ ਹੈ। ਮੰਡੀ ਵਿਚ ਝੋਨੇ ਦੀਆਂ ਢੇਰੀਆਂ ਖ਼ਰੀਦ ਦੀ ਉਡੀਕ ਵਿਚ ਪਈਆਂ ਹਨ। ਆੜ੍ਹਤੀਆਂ ਦਾ ਕਹਿਣਾ ਹੈ ਕਿ ਜੇਕਰ ਤੁਰੰਤ ਖ਼ਰੀਦ ਸ਼ੁਰੂ ਨਾ ਕਰਵਾਈ ਗਈ ਤਾਂ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਕਿਸਾਨਾਂ ਨੂੰ ਆਪਣੀ ਫ਼ਸਲ ਦੀ ਰਾਖੀ ਲਈ ਮੰਡੀਆਂ ਵਿੱਚ ਰਾਤਾਂ ਗੁਜ਼ਾਰਨੀਆਂ ਪੈ ਰਹੀਆਂ ਹਨ, ਜਦਕਿ ਕਣਕ ਦੀ ਬਿਜਾਈ ਦੀਆਂ ਤਿਆਰੀਆਂ ਵੀ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ।
ਆੜ੍ਹਤੀਆਂ ਨੇ ਸਵਾਲ ਉਠਾਇਆ ਕਿ ਜਦੋਂ ਕਿਸਾਨਾਂ ਦੀ ਫ਼ਸਲ ਮੰਡੀ ਵਿਚ ਪਹੁੰਚ ਰਹੀ ਹੈ ਤਾਂ ਖ਼ਰੀਦ ਦਾ ਟੀਚਾ ਪੂਰਾ ਹੋਣਾ ਕਿਸਾਨਾਂ ਲਈ ਸਜ਼ਾ ਕਿਉਂ ਬਣੇ, ਉਨ੍ਹਾਂ ਮੰਗ ਕੀਤੀ ਕਿ ਮੌਜੂਦਾ ਏਜੰਸੀ ਦੀ ਥਾਂ ਕਿਸੇ ਹੋਰ ਖ਼ਰੀਦ ਏਜੰਸੀ ਨੂੰ ਜ਼ਿੰਮੇਵਾਰੀ ਸੌਂਪ ਕੇ ਬਾਕੀ ਫ਼ਸਲ ਦੀ ਖ਼ਰੀਦ ਯਕੀਨੀ ਬਣਾਈ ਜਾਵੇ। ਉਧਰ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਮੁਤਾਬਿਕ ਮੰਡੀ ਦੇ ਵਿਚ ਕਰੀਬ 7000 ਕੁਇੰਟਲ ਝੋਨੇ ਦੀ ਫਸਲ ਵਿਕਣ ਲਈ ਆਈ ਹੋਈ ਹੈ । 

ਪਿਛਲੀ ਖ਼ਬਰ ਅੱਜ ਪਟਿਆਲਾ ਦਾ ਦੌਰਾ ਕਰਨਗੇ ਮੁੱਖ ਮੰਤਰੀ ਮਾਨ ਅਗਲੀ ਖ਼ਬਰ ⭐️ਮਾਣਕ ਮੋਤੀ ⭐️