ਤਲਵੰਡੀ ਸਾਬੋ, 22 ਜਨਵਰੀ (ਰਣਜੀਤ ਸਿੰਘ ਰਾਜੂ)-ਨਵੰਬਰ 1984 'ਚ ਦਿੱਲੀ ਦੇ ਜਨਕਪੁਰੀ ਇਲਾਕੇ 'ਚ ਸਿੱਖਾਂ ਦੇ ਹੋਏ ਕਤਲੇਆਮ ਸੰਬੰਧੀ ਰਾਊਜ਼ ਐਵੇਨਿਊ ਅਦਾਲਤ 'ਚ ਚੱਲ ਰਹੇ ਕੇਸ ਦਰਮਿਆਨ ਅਦਾਲਤ ਵਲੋਂ ਕਤਲੇਆਮ ਦੇ ਕਥਿਤ ਮੁੱਖ ਦੋਸ਼ੀ ਤੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਬਰੀ ਕਰ ਦਿੱਤੇ ਜਾਣ ਦੇ ਫ਼ੈਸਲੇ 'ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਨੇ ਤਿੱਖਾ ਪ੍ਰਤੀਕਰਮ ਪ੍ਰਗਟਾਉਂਦਿਆਂ ਇਸ ਨੰੂ ਕੇਂਦਰ ਸਰਕਾਰ ਤੇ ਹੋਰਨਾਂ ਜਾਂਚ ਏਜੰਸੀਆਂ ਦੀ ਨਾਲਾਇਕੀ ਕਰਾਰ ਦਿੱਤਾ ਹੈ | ਪ੍ਰੈੱਸ ਬਿਆਨ ਰਾਹੀਂ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਕਿਹਾ ਕਿ ਕਰੀਬ 41 ਸਾਲ ਪਹਿਲਾਂ ਨਵੰਬਰ 1984 'ਚ ਦਿੱਲੀ ਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ, ਉਸ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਉਦੋਂ ਤੋਂ ਆਰੰਭੀ ਲੜਾਈ ਅੱਜ ਤੱਕ ਜਾਰੀ ਹੈ ਪਰ ਇਨਸਾਫ਼ ਅਜੇ ਵੀ ਦੂਰ ਦੀ ਗੱਲ ਜਾਪ ਰਿਹੈ ਕਿਉਂਕਿ ਸਰਕਾਰਾਂ ਤੇ ਜਾਂਚ ਏਜੰਸੀਆਂ ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ ਸੁਹਿਰਦ ਨਹੀ | ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਦਾ ਇਕ ਮਾਮਲੇ 'ਚੋਂ ਬਰੀ ਹੋ ਜਾਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕੇਂਦਰ 'ਚ ਸਮੇਂ-ਸਮੇਂ ਰਹੀਆਂ ਸਰਕਾਰਾਂ ਤੇ ਜਾਂਚ ਏਜੰਸੀਆਂ ਨੇ ਆਪਣਾ ਕੰਮ ਇਮਾਨਦਾਰੀ ਨਾਲ ਨਹੀਂ ਕੀਤਾ | ਸਿੰਘ ਸਾਹਿਬ ਨੇ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਇਸ ਨਾਲ ਸਿੱਖਾਂ ਦੇ ਜ਼ਖ਼ਮਾਂ ਤੇ ਨਮਕ ਛਿੜਕਿਆ ਗਿਐ |