ਬਠਿੰਡਾ, 22 ਜਨਵਰੀ (ਵੀਰਪਾਲ ਸਿੰਘ)-ਬਸੰਤ ਪੰਚਮੀ ਦੇ ਤਿਉਹਾਰ ਨੂੰ ਬਠਿੰਡਾ ਵਾਸੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ | ਬਠਿੰਡਾ ਵਿਚ ਲੋਕਾਂ ਵਲੋਂ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਪਤੰਗਬਾਜ਼ੀ, ਡੀ ਜੇ ਸਾਊਾਡ ਅਤੇ ਖਾਣ ਪੀਣ ਲਈ ਲੰਘੇ ਹਫ਼ਤੇ ਦੌਰਾਨ 30 ਕਰੋੜ ਰੁਪਏ ਖਰਚ ਕੀਤੇ ਜਾਣ ਦਾ ਅਨੁਮਾਨ ਹੈ | ਪਤੰਗਾਂ ਦੇ ਰੇਟਾਂ ਵਿਚ ਪਿਛਲੇ ਸਾਲ ਨਾਲੋਂ 50 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ | ਲੰਘੇ ਹਫ਼ਤੇ 15 ਜਨਵਰੀ ਤੋਂ ਬਾਅਦ ਸ਼ਹਿਰ ਅੰਦਰ ਪਤੰਗ ਵੇਚਣ ਵਾਲੇ ਵਪਾਰੀਆਂ ਵਲੋਂ ਵੱਡੀ ਪੱਧਰ 'ਤੇ ਦੁਕਾਨਾਂ ਸਜਾ ਰੱਖੀਆਂ ਹਨ | ਦੁਕਾਨਾਂ ਤੋਂ ਪਤੰਗ ਅਤੇ ਡੋਰ ਖਰੀਦਣ ਵਾਲੇ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ | ਬਾਜ਼ਾਰਾਂ ਵਿਚ ਬਸੰਤ ਪੰਚਮੀ ਮਨਾਉਣ ਵਾਲੇ ਲੋਕਾਂ ਦੀ ਖਰੀਦਦਾਰੀ ਨੂੰ ਲੈ ਕੇ ਭੀੜ ਉਮੜੀ ਹੋਈ ਹੈ | ਬਾਜ਼ਾਰਾਂ 'ਚ ਘੰਟਿਆਂਬੱਧੀ ਲੋਕਾਂ ਨੂੰ ਜਾਮ ਵਿਚ ਫਸੇ ਹੋਣ ਦੇ ਦਿ੍ਸ਼ ਵੇਖਣ ਨੂੰ ਮਿਲੇ ਹਨ | ਇਹ ਗੱਲ ਵੀ ਜ਼ਿਕਰਯੋਗ ਹੈ ਕਿ ਬਠਿੰਡਾ ਬਸੰਤ ਪੰਚਮੀ ਮਨਾਉਣ ਮਾਮਲੇ ਵਿਚ ਸੂਬੇ ਭਰ ਵਿਚੋਂ ਮੋਹਰੀ ਰਹਿੰਦਾ | ਇਸ ਦਿਨ ਬਠਿੰਡਾ ਵਿਚ ਨਿੱਜੀ ਅਦਾਰੇ ਪੂਰੀ ਤਰ੍ਹਾਂ ਬੰਦ ਰੱਖ ਕੇ ਨਿੱਜੀ ਮੁਲਾਜ਼ਮਾਂ ਨੂੰ ਛੁੱਟੀ ਕੀਤੀ ਜਾਂਦੀ ਹੈ | ਬਸੰਤ ਪੰਚਮੀ ਨੂੰ ਲੈ ਕੇ ਲੋਕਾਂ ਵਲੋਂ 1 ਮਹੀਨੇ ਪਹਿਲਾਂ ਡੀ. ਜੇ. ਸਾਊਾਡ ਸਿਸਟਮ ਬੁੱਕ ਕਰਵਾਏ ਜਾਂਦੇ ਹਨ | ਬਠਿੰਡਾ ਵਿਚ ਲੋਕਾਂ ਵਲੋਂ ਲੋਕਲ ਸਾਊਾਡ ਨਾ ਮਿਲਣ ਕਾਰਨ ਬਾਹਰਲੇ ਸ਼ਹਿਰਾਂ ਤੋਂ ਵੀ ਸਾਊਾਡ ਡੀ. ਜੇ. ਸਿਸਟਮ ਲਿਆਉਣ ਲਈ ਮਜ਼ਬੂਰ ਹੋਣਾ ਪਿਆ | 23 ਜਨਵਰੀ ਬਸੰਤ ਪੰਚਮੀ ਮਨਾਉਣ ਲਈ ਸ਼ਰਾਬ ਦੇ ਸ਼ੌਕੀਨ ਲੋਕਾਂ ਵਲੋਂ ਲੱਖਾਂ ਰੁਪਏ ਪੈੱਗ ਤੇ ਲੈੱਗ 'ਤੇ ਖਰਚੇ ਜਾ ਰਹੇ ਹਨ | ਖਾਣ ਪੀਣ ਦੇ ਨਾਲ ਖ਼ੂਬ ਡਾਂਸ ਤੇ ਭੰਗੜੇ ਪਾਉਣ ਦਾ ਆਨੰਦ ਮਾਣਿਆ ਜਾਵੇਗਾ | ਜ਼ਿਕਰਯੋਗ ਹੈ ਕਿ ਬਸੰਤ ਪੰਚਮੀ ਮੌਕੇ ਦੁਕਾਨਦਾਰਾਂ ਵਲੋਂ ਚਾਇਨਾ ਡੋਰ ਵੇਚਣ ਦੇ ਧੰਦੇ ਵਿਚ ਲੱਖਾਂ ਰੁਪਏ ਕਮਾਉਣ ਲਈ ਸਥਾਨਕ ਪੁਲਿਸ ਪ੍ਰਸਾਸ਼ਨ ਦੀਆਂ ਅੱਖਾਂ 'ਚ ਘੱਟਾ ਪਾ ਕੇ ਆਪਣਾ ਕਾਰੋਬਾਰ ਕੀਤਾ ਜਾ ਰਿਹਾ ਹੈ | ਚਾਇਨਾ ਡੋਰ ਨਾਲ ਹਜ਼ਾਰਾਂ ਹਾਦਸੇ ਵਾਪਰਨ ਨੂੰ ਪ੍ਰਸਾਸ਼ਨ ਵਲੋਂ ਹਮੇਸ਼ਾ ਨਜ਼ਰ ਅੰਦਾਜ਼ ਕੀਤਾ ਗਿਆ ਹੈ | ਪਿਛਲੇ 15 ਵਰਿ੍ਹਆਂ ਵਿਚ ਚਾਇਨਾ ਡੋਰ ਦੇ ਮਾਮਲਿਆਂ 'ਚ ਸਿਰਫ਼ 141 ਲੋਕਾਂ 'ਤੇ ਮਾਮਲੇ ਦਰਜ ਕੀਤੇ ਗਏ ਹਨ |
ਬਸੰਤ ਪੰਚਮੀ ਦਾ ਤਿਉਹਾਰ ਮਨਾਉਣ ਲਈ ਬਠਿੰਡਾ ਵਾਸੀਆਂ ਵਿਚ ਭਾਰੀ ਉਤਸ਼ਾਹ
ਅਜੀਤ ਡੈਸਕ
23-01-2026