29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਬੀ.ਕੇ.ਯੂ. ਆਜ਼ਾਦ ਨੇ ਜ਼ਿਲ੍ਹੇ ਦੇ ਪਿੰਡਾਂ 'ਚੋਂ ਪੁੱਟੇ 600 ਤੋਂ ਵਧੇਰੇ ਚਿੱਪ ਵਾਲੇ ਮੀਟਰ <br/>

ਅਜੀਤ ਡੈਸਕ 23-01-2026
ਸੰਗਰੂਰ, 22 ਜਨਵਰੀ (ਦਮਨਜੀਤ ਸਿੰਘ) - ਕਿਸਾਨ ਮਜ਼ਦੂਰ ਮੋਰਚੇ ਵਲੋਂ ਅੱਜ ਪੰਜਾਬ 'ਚ ਚਿੱਪ ਵਾਲੇ ਮੀਟਰ ਪੱਟ ਕੇ ਜਮਾਂ ਕਰਵਾਉਣ ਦੀ ਦੂਜੀ ਕਾਲ ਦੇ ਦਿੱਤੇ ਪ੍ਰੋਗਰਾਮ ਦੇ ਚਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਲੋਂ ਅੱਜ ਸੰਗਰੂਰ ਜ਼ਿਲ੍ਹੇ ਅੰਦਰ ਚਲਾਈ ਮੁਹਿੰਮ ਦੌਰਾਨ 600 ਦੇ ਕਰੀਬ ਮੀਟਰ ਪੱਟ ਕੇ ਸਬ ਡਵੀਜ਼ਨਾਂ ਵਿਚ ਜਮਾਂ ਕਰਵਾਏ ਗਏ ਅਤੇ ਕੁੱਝ ਥਾਵਾਂ 'ਤੇ ਕੱਲ੍ਹ ਵੀ ਜਮਾਂ ਕਰਵਾਏ ਜਾਣਗੇ | ਜ਼ਿਲ੍ਹਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ ਲੌਂਗੋਵਾਲ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਮੋਰਚੇ ਦੀ ਕਾਲ 'ਤੇ ਅੱਜ ਬਲਾਕ ਸੰਗਰੂਰ, ਲਹਿਰਾਂ, ਸੁਨਾਮ ਅਤੇ ਮੂਨਕ ਦੇ ਪਿੰਡਾਂ ਵਿਚੋਂ ਖਪਤਕਾਰਾਂ ਦੀ ਸਹਿਮਤੀ ਦੇ ਨਾਲ ਮੀਟਰ ਪੁੱਟ ਕੇ ਸਿੱਧੀਆਂ ਤਾਰਾਂ ਜੋੜ ਕੇ ਖਪਤਕਾਰਾਂ ਨੂੰ ਪੂਰਨ ਵਿਸ਼ਵਾਸ ਦਿਵਾਇਆ ਗਿਆ ਕਿ ਕਿਸੇ ਕਿਸਮ ਦੇ ਜੁਰਮਾਨੇ ਸਰਕਾਰ ਤੇ ਸਰਕਾਰੀ ਅਧਿਕਾਰੀਆਂ ਨੂੰ ਨਹੀਂ ਕਰਨ ਦਿੱਤੇ ਜਾਣਗੇ | ਸੋਨੀ ਨੇ ਕਿਹਾ ਕਿ ਜੇਕਰ ਸਰਕਾਰ ਧੱਕਾ ਕਰਦੀ ਹੈ ਤਾਂ ਜਥੇਬੰਦੀ ਹਿੱਕ ਡਾਹ ਕੇ ਖਪਤਕਾਰਾਂ ਦੇ ਅੱਗੇ ਖੜੇਗੀ ਕਿਉਂਕਿ ਇਹ ਬਿਜਲੀ ਬਿਲ 2025 ਦੇ ਲਾਗੂ ਹੋਣ ਨਾਲ ਗ਼ਰੀਬ ਲੋਕਾਂ ਦੇ ਘਰਾਂ ਦੇ ਵਿਚੋਂ ਜਗਦੇ ਬਲਬ ਤੇ ਲੋਕਾਂ ਦੇ ਜਿਊਣ ਦਾ ਸਾਹ ਬਣ ਚੁੱਕੀ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਕੋਹਾਂ ਦੂਰ ਹੋ ਜਾਵੇਗੀ | ਪੰਜਾਬ ਦੇ ਮੁੱਖ ਮੰਤਰੀ ਦਾ ਵੀ ਬਿਜਲੀ ਬਿਲ 2025 ਨੂੰ ਵਿਸ਼ੇਸ਼ ਸਦਨ ਸੱਦ ਕੇ ਰੱਦ ਨਾ ਕਰਨਾ ਤੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਤੇ ਮੋਰਚੇ ਉੱਤੇ ਪੁਲਿਸ ਜਬਰ ਕਰਨਾ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਲੋਕਾਂ ਦੀ ਹਿਤੈਸ਼ੀ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬਿਲ ਨੂੰ ਪੰਜਾਬ 'ਚ ਲਾਗੂ ਕਰਾ ਕੇ ਲੋਕਾਂ ਦਾ ਗਲਾ ਘੁੱਟਣਾ ਚਾਹੁੰਦੀ ਹੈ | ਪਿੰਡਾਂ ਦੇ ਵਿਚ ਜਥੇਬੰਦੀ ਦੇ ਆਗੂਆਂ ਕੋਲ ਮੀਟਰ ਪੁੱਟਣ ਲਈ ਵੱਡੀ ਪੱਧਰ 'ਤੇ ਆਮ ਲੋਕ ਪਹੁੰਚ ਕਰ ਰਹੇ ਹਨ | ਆਉਣ ਵਾਲੇ ਦਿਨਾਂ ਵਿਚ ਵੀ ਮੀਟਰ ਪੱਟਣ ਦੀ ਬੇਨਤੀ ਲੈ ਕੇ ਆਉਣ ਵਾਲੇ ਪਰਿਵਾਰਾਂ ਦੇ ਮੀਟਰ ਪੱਟ ਕੇ ਜਮਾਂ ਕਰਵਾਏ ਜਾਣਗੇ | ਮੀਟਰ ਪੱਟਣ ਸਮੇਂ ਸਬੰਧਿਤ ਬਲਾਕਾਂ ਦੇ ਆਗੂ ਅਤੇ ਪਿੰਡਾਂ ਇਕਾਈਆਂ ਮੌਜੂਦ ਸਨ |

ਪਿਛਲੀ ਖ਼ਬਰ ਮਨਰੇਗਾ ਫ਼ਰੰਟ ਨੇ 26 ਦੇ ਪਟਿਆਲਾ ਧਰਨੇ ਨੂੰ ਲੈ ਕੇ ਉਲੀਕੀ ਵਿਉਂਤਬੰਦੀ <br/> ਅਗਲੀ ਖ਼ਬਰ ਬਸੰਤ ਪੰਚਮੀ ਦਾ ਤਿਉਹਾਰ ਮਨਾਉਣ ਲਈ ਬਠਿੰਡਾ ਵਾਸੀਆਂ ਵਿਚ ਭਾਰੀ ਉਤਸ਼ਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।