ਬਠਿੰਡਾ, 22 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਕੇਂਦਰ ਸਰਕਾਰ ਦੀਆਂ ਨਿੱਜੀਕਰਨ ਤੇ ਕਿਸਾਨ ਮਾਰੂ ਨੀਤੀਆਂ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਭਾਰਤ ਨੇ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਦੇਸ਼ ਭਰ ਵਿਚ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ ਪੰਜਾਬ ਭਰ 'ਚ ਹੀ ਇਹ ਟਰੈਕਟਰ ਮਾਰਚ ਕੀਤੇ ਜਾਣਗੇ | ਇਸੇ ਕੜੀ ਤਹਿਤ ਬਠਿੰਡਾ 'ਚ ਟਰੈਕਟਰ ਮਾਰਚ ਕਰਨ ਸੰਬੰਧੀ ਸਥਾਨਕ ਟੀਚਰ ਹੋਮ ਵਿਖੇ ਵੱਖ-ਵੱਖ ਕਿਸਾਨ ਧਿਰਾਂ ਦੀ ਮੀਟਿੰਗ ਹੋਈ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਸੀਨੀਅਰ ਉੱਪ-ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ, ਭਾਕਿਯੂ ਉਗਰਾਹਾਂ ਦੇ ਜ਼ਿਲ੍ਹਾ ਆਗੂ ਜਗਸੀਰ ਸਿੰਘ ਝੁੰਬਾ, ਭਾਕਿਯੂ (ਡਕੌਂਦਾ ਬੁਰਜ ਗਿੱਲ) ਦੇ ਆਗੂ ਬਲਦੇਵ ਸਿੰਘ ਭਾਈਰੂਪਾ, ਜਮਹੂਰੀ ਕਿਸਾਨ ਸਭਾ ਦੇ ਆਗੂ ਸੁਖਮੰਦਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਵਰਨ ਸਿੰਘ ਪੂਹਲੀ, ਭਾਕਿਯੂ ਮਾਨਸਾ ਦੇ ਆਗੂ ਬੇਅੰਤ ਸਿੰਘ ਮਹਿਮਾ ਸਰਜਾ ਅਤੇ ਭਾਕਿਯੂ ਮਾਲਵਾ ਦੇ ਆਗੂ ਜਗਜੀਤ ਸਿੰਘ ਕੋਟਸ਼ਮੀਰ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਮੰਨੀਆਂ ਕਿਸਾਨੀ ਮੰਗਾਂ ਲਾਗੂ ਨਾ ਕਰਨ ਅਤੇ ਬਿਜਲੀ ਸੋਧ ਬਿੱਲ, ਬੀਜ ਬਿੱਲ, ਨਵੇਂ ਮਨਰੇਗਾ ਕਾਨੂੰਨ ਤੇ ਚਾਰ ਕਿਰਤ ਕੋਡਾਂ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਨੇ 26 ਜਨਵਰੀ ਨੂੰ ਦੇਸ਼ ਭਰ 'ਚ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ ਬਠਿੰਡਾ ਸ਼ਹਿਰ ਤੋਂ ਇਲਾਵਾ ਬਲਾਕ ਰਾਮਪੁਰਾ ਫੂਲ, ਨਥਾਣਾ, ਗੋਨਿਆਣਾ, ਬਠਿੰਡਾ, ਸੰਗਤ, ਮੌੜ ਮੰਡੀ ਤੇ ਤਲਵੰਡੀ ਸਾਬੋ ਵਿਚ ਵੀ ਵਿਸ਼ਾਲ ਮਾਰਚ ਕੀਤੇ ਜਾਣਗੇ | ਇਸ ਦੌਰਾਨ ਉਨ੍ਹਾਂ 24 ਜਨਵਰੀ ਨੂੰ ਬਠਿੰਡਾ 'ਚ ਮੀਡੀਆ ਦੀ ਆਜ਼ਾਦੀ ਲਈ ਕੀਤੇ ਜਾ ਰਹੇ ਪ੍ਰਦਰਸ਼ਨ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਇਸ ਮੌਕੇ ਜਸਵੀਰ ਸਿੰਘ, ਦਰਸ਼ਨ ਸਿੰਘ ਫੁੱਲੋ ਮਿੱਠੀ, ਪਰੇਜ ਸਿੰਘ, ਜਗਜੀਤ ਸਿੰਘ ਤੇ ਹਰਵਿੰਦਰ ਸਿੰਘ ਕੋਟਲੀ ਸਮੇਤ ਵੱਖ-ਵੱਖ ਕਿਸਾਨ ਆਗੂ ਮੌਜੂਦ ਸਨ |
ਸੰਯੁਕਤ ਕਿਸਾਨ ਮੋਰਚਾ ਗਣਤੰਤਰ ਦਿਵਸ ਮੌਕੇ ਦੇਸ਼ ਭਰ 'ਚ ਕਰੇਗਾ ਟਰੈਕਟਰ ਮਾਰਚ
ਅਜੀਤ ਡੈਸਕ
23-01-2026