ਰਾਮਾਂ ਮੰਡੀ, 7 ਮਈ (ਤਰਸੇਮ ਸਿੰਗਲਾ)-ਕਣਕ ਦੀ ਲਿਫ਼ਟਿੰਗ ਦੀ ਸਮੱਸਿਆ ਤੋਂ ਪ੍ਰੇਸ਼ਾਨ ਸਥਾਨਕ ਸਮੂਹ ਆੜ੍ਹਤੀਆਂ ਵਲੋਂ ਮੀਟਿੰਗ ਕਰਕੇ ਮਾਰਕੀਟ ਕਮੇਟੀ ਰਾਮਾਂ ਅਤੇ ਸਮੂਹ ਖਰੀਦ ਏਜੰਸੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਦਾਣਾ ਮੰਡੀਆਂ ਵਿਚ ਜਿਣਸਾਂ ਖਰੀਦਣ ਤੋਂ ਬਾਅਦ ਸਮੇਂ ਸਿਰ ਲਿਫ਼ਟਿੰਗ ਕਰਵਾਉਣ ਦੀ ਪੂਰੀ ਜ਼ਿੰਮੇਵਾਰੀ ਸੰਬੰਧਿਤ ਖਰੀਦ ਏਜੰਸੀਆਂ ਅਤੇ ਮਾਰਕੀਟ ਕਮੇਟੀ ਦੀ ਹੈ | ਪਰ ਲਿਫ਼ਟਿੰਗ ਸਮੇਂ ਸਿਰ ਨਾ ਹੋਣ ਦੀ ਸੂਰਤ ਵਿਚ ਆੜ੍ਹਤੀਆਂ ਨੂੰ ਮਜ਼ਬੂਰੀ ਵੱਸ ਟਰੱਕ ਡਰਾਇਵਰਾਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ | ਆੜ੍ਹਤੀਆਂ ਉੱਪਰ ਟਰੱਕ ਡਰਾਇਵਰਾਂ ਨੂੰ ਰੁਪਏ ਦੇਣ, ਕਟੌਤੀ ਭਰਨ ਜਾਂ ਕਿਸੇ ਹੋਰ ਤਰ੍ਹਾਂ ਦਾ ਗੈਰ-ਕਾਨੂੰਨੀ ਦਬਾਅ ਬਣਾਉਣਾ ਬਿਲਕੁੱਲ ਗਲਤ ਹੈ, ਇਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਬੁਲਾਰਿਆਂ ਨੇ ਕਿਹਾ ਕਿ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕੁੱਝ ਵਿਅਕਤੀ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨਾਲ ਮਿਲੀ ਭੁਗਤ ਕਰਕੇ ਅਤੇ ਵੱਧ ਰਿਸ਼ਵਤ ਦੇ ਕੇ ਵਾਧੂ ਬਾਰਦਾਨਾ, ਬੋਲੀ ਅਤੇ ਲਿਫ਼ਟਿੰਗ ਵਿਚ ਰਿਆਇਤ ਲੈ ਰਹੇ ਹਨ | ਅਜਿਹੇ ਵਿਅਕਤੀ ਜਿੱਥੇ ਦੂਸਰੇ ਆੜ੍ਹਤੀਆਂ ਦਾ ਹੱਕ ਮਾਰ ਰਹੇ ਹਨ, ਉਥੇ ਛੋਟੇ ਆੜ੍ਹਤੀਆਂ ਨਾਲ ਭਾਰੀ ਬੇਇਨਸਾਫ਼ੀ ਵੀ ਕਰ ਰਹੇ ਹਨ | ਉਨ੍ਹਾਂ ਮਾਰਕੀਟ ਕਮੇਟੀ ਰਾਮਾਂ ਨੂੰ ਵੀ ਚੇਤਾਵਨੀ ਦਿੱਤੀ ਕਿ ਜੇਕਰ 72 ਘੰਟਿਆਂ ਦੇ ਅੰਦਰ ਮਾਰਕੀਟ ਯਾਰਡ ਵਿਚੋਂ ਕਣਕ ਦੀ ਲਿਫ਼ਟਿੰਗ ਨਹੀਂ ਕੀਤੀ ਜਾਂਦੀ, ਤਾਂ ਸੰਬੰਧਿਤ ਖਰੀਦ ਏਜੰਸੀਆਂ ਨੂੰ ਤੁਰੰਤ ਨੋਟਿਸ ਜਾਰੀ ਕੀਤੇ ਜਾਣ | ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਕਿ 72 ਘੰਟਿਆਂ ਦੇ ਅੰਦਰ ਲਿਫ਼ਟਿੰਗ ਨਾ ਹੋਣ ਦੀ ਸੂਰਤ ਵਿਚ ਕਿਸੇ ਵੀ ਆੜ੍ਹਤੀ ਵਲੋਂ ਕਿਸੇ ਕਿਸਮ ਦੀ ਕਟੌਤੀ ਨਹੀਂ ਦਿੱਤੀ ਜਾਵੇਗੀ | ਇਸ ਤੋਂ ਇਲਾਵਾ ਜੇਕਰ 72 ਘੰਟਿਆਂ ਦੇ ਅੰਦਰ ਲਿਫ਼ਟਿੰਗ ਨਾ ਹੋਣ ਕਾਰਨ ਕੋਈ ਕੁਦਰਤੀ ਜਾਂ ਗੈਰ-ਕੁਦਰਤੀ ਆਫ਼ਤ ਨਾਲ ਜਿਣਸਾਂ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਵੀ ਹੁੰਦਾ ਹੈ ਤਾਂ ਉਸ ਨੁਕਸਾਨ ਦੀ ਵੀ ਪੂਰੀ ਜ਼ਿੰਮੇਵਾਰੀ ਸਬੰਧਿਤ ਖਰੀਦ ਏਜੰਸੀਆਂ ਅਤੇ ਮਾਰਕੀਟ ਕਮੇਟੀ ਰਾਮਾਂ ਦੀ ਹੋਵੇਗੀ | ਉਨ੍ਹਾਂ ਕਿਹਾ ਕਿ ਇਹ ਭਾਰਤ ਦੇਸ਼ ਹੈ, ਜਿੱਥੇ ਵਪਾਰੀਆਂ ਨੂੰ ਸਰਕਾਰ ਦੀਆਂ ਗਲਤੀਆਂ ਦਾ ਹਰਜ਼ਾਨਾ ਵੀ ਭੁਗਤਣਾ ਪੈਂਦਾ ਹੈ ਅਤੇ ਰਿਸ਼ਵਤ ਵੀ ਦੇਣੀ ਹੈ |
ਗਲਤੀ ਖਰੀਦ ਏਜੰਸੀਆਂ ਦੀ, ਜੁਰਮਾਨੇ ਭਰੇ ਆੜ੍ਹਤੀਆਂ
ਅਜੀਤ ਡੈਸਕ
08-05-2026