19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਮੰਡੀ ਖ਼ੁਰਦ ਵਿਖੇ ਲੱਗੀ ਅੱਗ ਨਾਲ ਘਰ 'ਚ ਲੱਖਾਂ ਦਾ ਸਾਮਾਨ ਸੜਿਆ

ਅਜੀਤ ਡੈਸਕ 19-02-2026

ਬਾਲਿਆਂਵਾਲੀ, 18 ਫਰਵਰੀ (ਕੁਲਦੀਪ ਮਤਵਾਲਾ)- ਰੋਜ਼ੀ ਰੋਟੀ ਦੀ ਤਲਾਸ਼ 'ਚ ਘਰੋਂ ਮਜ਼ਦੂਰੀ ਕਰਨ ਗਏ ਇੱਕ ਦਲਿਤ ਪਰਿਵਾਰ ਦੇ ਘਰੇ ਕੁਦਰਤ ਉਦੋਂ ਕਹਿਰ ਬਣਕੇ ਟੁੱਟ ਪਈ ਜਦੋਂ ਉਨ੍ਹਾਂ ਦੇ ਘਰ ਦੇ ਇੱਕ ਕਮਰੇ 'ਚ ਅਚਾਨਕ ਅੱਗ ਲੱਗ ਗਈ | ਇਸ ਅੱਗ ਦੇ ਨਾਲ ਪਰਿਵਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖ਼ਬਰ ਹੈ | ਸਾਬਕਾ ਸਰਪੰਚ ਬਲਵੰਤ ਸਿੰਘ ਨੇ ਦੱਸਿਆ ਕਿ ਮੈਂ ਕਿਸੇ ਕੰਮ ਲਈ ਪਿੰਡ 'ਚ ਗਿਆ ਸੀ ਤਾਂ ਵੇਖਿਆ ਕਿ ਗੁਰਮੀਤ ਸਿੰਘ ਪੁੱਤਰ ਬਿੱਲੂ ਸਿੰਘ ਵਾਸੀ ਮੰਡੀ ਖ਼ੁਰਦ ਦੇ ਘਰੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ ਅਤੇ ਘਰ ਦੇ ਬਾਹਰ ਜਿੰਦਰਾ ਲੱਗਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਮੈਂ ਇਸ ਘਟਨਾ ਬਾਬਤ ਰੋਲਾ ਪਾਇਆ ਤੇ ਹੋਰ ਲੋਕ ਇਕੱਠੇ ਹੋ ਗਏ ਅਤੇ ਕੰਧ ਟੱਪਕੇ ਅੱਗ ਬੁਝਾਉਣ ਲਈ ਯਤਨ ਸ਼ੁਰੂ ਕੀਤੇ, ਜਦਕਿ ਇਸ ਤੋਂ ਬਾਅਦ ਸਾਰੇ ਪਿੰਡ ਦੇ ਲੋਕ ਪਹੁੰਚ ਗਏ ਸਨ ਤੇ ਪਿੰਡ ਨੇ ਇਕੱਠੇ ਹੋ ਕੇ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ, ਪ੍ਰੰਤੂ ਉਦੋਂ ਤੱਕ ਉਨ੍ਹਾਂ ਦੇ ਇੱਕ ਕਮਰੇ 'ਚ ਪਿਆ ਸਮਾਨ ਭਿਆਨਕ ਅੱਗ ਨਾਲ ਸੜਕੇ ਤਬਾਹ ਹੋ ਚੁੱਕਾ ਸੀ | ਇਸ ਸੰਬੰਧੀ ਮੌਜੂਦਾ ਸਰਪੰਚ ਗੁਰਪ੍ਰੀਤ ਸਿੰਘ ਮਾਨ ਅਤੇ ਸਮਾਜ ਸੇਵੀ ਜਗਤਾਰ ਸਿੰਘ ਅਣਜਾਣ ਨੇ ਦੱਸਿਆ ਕਿ ਦਿਹਾੜੀ ਕਰਨ ਗਏ ਪਰਿਵਾਰ ਨੂੰ ਇਸ ਮੰਦਭਾਗੀ ਘਟਨਾ ਬਾਰੇ ਦੱਸਿਆ ਤੇ ਉਨ੍ਹਾਂ ਨੂੰ ਘਰੇ ਬੁਲਾਇਆ ਗਿਆ | ਉਨ੍ਹਾਂ ਦੱਸਿਆ ਕਿ ਉਕਤ ਅੱਗ ਬਿਜਲੀ ਸਰਕਟ ਦੀ ਸਪਾਰਕਿੰਗ ਨਾਲ ਹੋਈ ਹੈ | ਇਸ ਭਿਆਨਕ ਅੱਗ ਦੀ ਲਪੇਟ 'ਚ ਕਮਰੇ 'ਚ ਪਈ ਅਲਮਾਰੀ, ਪੇਟੀ, ਡਬਲ ਬੈੱਡ, ਸੋਫ਼ਾ ਸੈੱਟ, ਸਾਰੇ ਪਰਿਵਾਰ ਦੇ ਕੱਪੜੇ, ਘਰੇਲੂ ਬਰਤਨ ਤੇ ਹੋਰ ਸਮਾਨ ਤੋਂ ਇਲਾਵਾ ਬਿਜਲੀ ਦੇ ਪੱਖੇ, ਫ਼ਰਿੱਜ, ਕੂਲਰ ਸੜਕੇ ਸੁਆਹ ਹੋ ਗਏ ਹਨ, ਜਦਕਿ ਇਸ ਅੱਗ ਨਾਲ ਕਮਰੇ ਦੀ ਛੱਤ ਵੀ ਸੇਕ ਨਾਲ ਨਸ਼ਟ ਹੋ ਗਈ ਹੈ ਤੇ ਛੱਤ 'ਚ ਲੱਗੇ ਸੀਮਿੰਟ ਦੇ ਲਿਉੜ ਹੇਠਾਂ ਡਿੱਗ ਰਹੇ ਹਨ | ਸਰਪੰਚ ਗੁਰਪ੍ਰੀਤ ਸਿੰਘ ਮਾਨ ਤੇ ਜਗਤਾਰ ਸਿੰਘ ਅਣਜਾਣ ਅਤੇ ਸਾਬਕਾ ਸਰਪੰਚ ਬਲਵੰਤ ਸਿੰਘ ਸਣੇ ਪਿੰਡ ਵਾਸੀਆਂ ਨੇ ਦੱਸਿਆ ਉਕਤ ਪਰਿਵਾਰ ਦੀ ਆਰਥਿਕ ਹਾਲਤ ਵਧੀਆ ਨਹੀਂ ਹੈ | ਪਰਿਵਾਰ ਵਾਲੇ ਦਿਹਾੜੀ ਮਜ਼ਦੂਰੀ ਕਰਕੇ ਹੀ ਘਰ ਦਾ ਚੁੱਲ੍ਹਾ ਤਪਾਉਂਦੇ ਹਨ | ਉਨ੍ਹਾਂ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੁਰਮੀਤ ਸਿੰਘ ਪੁੱਤਰ ਬਿੱਲੂ ਸਿੰਘ ਦੀ ਵੱਧ ਤੋਂ ਵੱਧ ਆਰਥਿਕ ਸਹਾਇਤਾ ਕੀਤੀ ਜਾਵੇ ਤਾਂ ਕਿ ਲੋੜਵੰਦ ਪਰਿਵਾਰ ਆਪਣਾ ਦੁਬਾਰਾ ਆਸ਼ਿਆਨਾ ਬਣਾ ਕੇ ਜ਼ਿੰਦਗੀ ਬਸਰ ਕਰ ਸਕਣ | ਜ਼ਿਕਰ ਏ ਖ਼ਾਸ ਹੈ ਕਿ ਇਸ ਘਰ 'ਚ ਗੁਰਮੀਤ ਸਿੰਘ ਤੇ ਉਸ ਦੀ ਪਤਨੀ ਅਤੇ ਦੋ ਬੱਚਿਆਂ ਸਮੇਤ ਕੁੱਲ ਚਾਰ ਜਣੇ ਰਹਿੰਦੇ ਸਨ ਤੇ ਇਸ ਹਾਦਸੇ ਸਮੇਂ ਘਰ ਦੇ ਮੁਖੀਏ ਦਿਹਾੜੀ 'ਤੇ ਸਨ ਅਤੇ ਦੋਵੇਂ ਬੱਚੇ ਸਕੂਲ ਗਏ ਸਨ |

ਪਿਛਲੀ ਖ਼ਬਰ ਸੰਸਦ ਮੈਂਬਰ ਨਵੀਨ ਜਿੰਦਲ ਵਲੋਂ ਸ਼ੁਰੂ ਕੀਤੇ ਗਏ ਕੈਂਪ ਵਿਚ 702 ਲੋਕਾਂ ਨੇ ਸਿਹਤ ਸੇਵਾਵਾਂ ਦਾ ਲਾਭ ਉਠਾਇਆ ਅਗਲੀ ਖ਼ਬਰ ਪੁਲਿਸ ਨੇ ਦੂਜੀ ਵਾਰ ਸਾਬੋਤਾਜ ਕੀਤਾ ਬਠਿੰਡਾ 'ਚ ਲਗਾਇਆ ਜਾਣ ਵਾਲਾ ਪੱਕਾ ਕਿਸਾਨ ਮੋਰਚਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।