ਤਲਵੰਡੀ ਭਾਈ ਦੀ ਅਨਾਜ ਮੰਡੀ 'ਚ ਮਜ਼ਦੂਰਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਅਜੀਤ ਡੈਸਕ
08-05-2026
ਤਲਵੰਡੀ ਭਾਈ, 7 ਮਈ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਦੀ ਦਾਣਾ ਮੰਡੀ 'ਚੋਂ ਖ਼ਰੀਦ ਕੀਤੀ ਗਈ ਕਣਕ ਦੀ ਚੁਕਾਈ ਨਾ ਹੋਣ ਤੋਂ ਖ਼ਫ਼ਾ ਦਾਣਾ ਮੰਡੀ ਮਜ਼ਦੂਰਾਂ ਵਲੋਂ ਅੱਜ ਇੱਥੇ ਦਾਣਾ ਮੰਡੀ 'ਚ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਸਮੇਂ ਮਜ਼ਦੂਰਾਂ ਨੇ ਦੋਸ਼ ਲਗਾਇਆ ਕਿ ਸਰਕਾਰ ਵਲੋਂ ਢੋਆ-ਢੁਆਈ ਲਈ ਦਰੁਸਤ ਪ੍ਰਬੰਧ ਨਾ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਮੇਂ ਦਾਣਾ ਮੰਡੀ ਅੰਦਰ ਇਕੱਠੇ ਮਜ਼ਦੂਰਾਂ 'ਚੋਂ ਅਨਾਜ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਤੀਸ਼ ਕੁਮਾਰ , ਮੀਤ ਪ੍ਰਧਾਨ ਜਸਵੀਰ ਸਿੰਘ, ਹਰਭਜਨ ਸਿੰਘ, ਬਿੱਟੂ ਚੌਧਰੀ, ਰਾਮ ਸਿੰਘ, ਮਨੋਹਰ ਬਿੰਦ, ਸਾਧੂ ਸਿੰਘ, ਸ਼ੰਭੂ ਚੌਧਰੀ, ਜਸਵਿੰਦਰ ਸਿੰਘ, ਰਿੰਕੂ, ਪ੍ਰਦੀਪ ਆਦਿ ਨੇ ਦੱਸਿਆ ਕਿ ਇਸ ਵਾਰ ਕਣਕ ਦੀ ਆਮਦ ਅਤੇ ਗੱਟਿਆਂ ਦੀ ਭਰਾਈ ਦਾ ਕੰਮ ਸਿਰਫ਼ 8 ਦਿਨ ਚੱਲਿਆ ਹੈ ਅਤੇ ਉਦੋਂ ਲੈ ਕੇ ਤਲਵੰਡੀ ਭਾਈ ਦੀ ਦਾਣਾ ਮੰਡੀ ਅੰਦਰੋਂ ਕਣਕ ਦੇ ਗੱਟਿਆਂ ਦੀ ਚੁਕਾਈ ਨਹੀਂ ਹੋ ਰਹੀ | ਜਿਸ ਕਾਰਨ ਦਾਣਾ ਮੰਡੀਆਂ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ | ਜਦਕਿ ਚੁਕਾਈ ਲਈ ਦਾਣਾ ਮੰਡੀ ਅੰਦਰ ਟਰੱਕ ਨਹੀਂ ਭੇਜੇ ਜਾ ਰਹੇ | ਮਜ਼ਦੂਰਾਂ ਨੇ ਕਿਹਾ ਕਿ ਉਹ ਕਈ ਦਿਨਾਂ ਤੋਂ ਦਾਣਾ ਮੰਡੀ ਅੰਦਰ ਵਿਹਲੇ ਬੈਠ ਕੇ ਸਿਰਫ਼ ਬੋਰੀਆਂ ਦੀ ਰਾਖੀ ਕਰ ਰਹੇ ਜਦਕਿ ਮਜ਼ਦੂਰ ਕੋਈ ਹੋਰ ਕੰਮ ਵੀ ਨਹੀਂ ਕਰ ਸਕਦੇ | ਜਿਸ ਕਾਰਨ ਉਨ੍ਹਾਂ ਦੀ ਕਮਾਈ ਬੰਦ ਹੋ ਗਈ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ ਰੋਟੀ ਵੀ ਪ੍ਰਭਾਵਿਤ ਹੋ ਰਹੀ ਹੈ | ਇਸ ਸਮੇਂ ਮਜ਼ਦੂਰਾਂ ਨੇ ਮੰਗ ਉਠਾਈ ਕਿ ਦਾਣਾ ਮੰਡੀ ਅੰਦਰ ਕਣਕ ਦੀ ਚੁਕਾਈ ਦੇ ਪ੍ਰਬੰਧ ਦਰੁਸਤ ਕੀਤੇ ਜਾਣ |