16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਨਗਰ ਕੌਂਸਲ 'ਚ ਸਫ਼ਾਈ ਸੇਵਕਾਂ ਦਾ ਧਰਨਾ ਜਾਰੀ

ਅਜੀਤ ਡੈਸਕ 08-05-2026
ਫ਼ਿਰੋਜ਼ਪੁਰ, 7 ਮਈ (ਰਾਕੇਸ਼ ਚਾਵਲਾ)-ਨਗਰ ਕੌਂਸਲ ਵਿਖੇ ਸਫ਼ਾਈ ਸੇਵਕ ਯੂਨੀਅਨ ਵਲੋਂ ਆਪਣੀਆਂ ਲੰਬਿਤ ਮੰਗਾਂ ਨੂੰ ਲੈ ਕੇ ਅੱਜ ਦੂਜੇ ਦਿਨ ਵੀ ਧਰਨਾ ਲਗਾਇਆ ਗਿਆ | ਪ੍ਰਧਾਨ ਡੈਨੀ ਅਤੇ ਵਿੱਕੀ ਨੇ ਕਿਹਾ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਤਾਂ ਧਰਨਾ ਅਣਮਿਥੇ ਸਮੇਂ ਲਈ ਲਗਾਇਆ ਜਾਵੇਗਾ | ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਡੈਨੀ ਨੇ ਮੰਗ ਕੀਤੀ ਕਿ ਠੇਕਾ ਪ੍ਰਣਾਲੀ ਨੂੰ ਖ਼ਤਮ ਕਰਕੇ ਆਊਟਸੋਰਸ ਅਤੇ ਕੰਟਰੈਕਟ ਅਧੀਨ ਕੰਮ ਕਰਦੇ ਮਾਲੀ, ਬੇਲਦਾਰ, ਸਫ਼ਾਈ ਸੇਵਕ, ਸੀਵਰਮੈਨ, ਫਾਇਰ ਬਿ੍ਗੇਡ ਮੁਲਾਜ਼ਮ, ਇਲੈਕਟਰੀਸ਼ਨ, ਪੰਪ ਆਪਰੇਟਰ ਅਤੇ ਕਲਰਕ ਆਦਿ ਨੂੰ ਵਿਭਾਗ ਦੇ ਅਧੀਨ ਕਰਕੇ ਰੈਗੂਲਰ ਕੀਤਾ ਜਾਵੇ | ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ 2023 ਦੀ 10 ਸਾਲਾ ਨੀਤੀ ਰੱਦ ਕਰਕੇ ਤਿੰਨ ਸਾਲ ਦੀ ਸੇਵਾ ਪੂਰੀ ਕਰਨ ਵਾਲੇ ਮੁਲਾਜ਼ਮਾਂ ਨੂੰ ਸਾਰੀਆਂ ਸਹੂਲਤਾਂ ਸਮੇਤ ਪੱਕਾ ਕੀਤਾ ਜਾਵੇ | ਇਸ ਤੋਂ ਇਲਾਵਾ ਬਰਾਬਰ ਕੰਮ ਲਈ ਬਰਾਬਰ ਤਨਖ਼ਾਹ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਅਤੇ ਤਨਖ਼ਾਹਾਂ ਸਮੇਂ ਸਿਰ ਜਾਰੀ ਕਰਨ ਦੀ ਵੀ ਮੰਗ ਕੀਤੀ ਗਈ | ਯੂਨੀਅਨ ਨੇ ਕਿਹਾ ਕਿ ਆਊਟਸੋਰਸ ਮੁਲਾਜ਼ਮਾਂ ਨੂੰ ਬਿਨਾ ਸ਼ਰਤ ਵਿਭਾਗ ਅਧੀਨ ਲਿਆਂਦਾ ਜਾਵੇ ਅਤੇ ਪੇ ਕਮਿਸ਼ਨ ਦੇ ਬਕਾਏ ਅਤੇ ਡੀਏ ਦੀਆਂ ਕਿਸ਼ਤਾਂ ਜਲਦ ਜਾਰੀ ਕੀਤੀਆਂ ਜਾਣ | ਸਫ਼ਾਈ ਕਰਮਚਾਰੀਆਂ ਲਈ ਖ਼ਾਸ ਭੱਤਾ 1000 ਰੁਪਏ ਮਹੀਨਾ ਕਰਨ ਅਤੇ ਐਕਸੀਡੈਂਟ ਬੀਮੇ ਦੀ ਰਕਮ 5 ਲੱਖ ਤੋਂ ਵਧਾ ਕੇ 20 ਲੱਖ ਰੁਪਏ ਕਰਨ ਦੀ ਮੰਗ ਵੀ ਰੱਖੀ ਗਈ | ਇਸ ਤੋਂ ਇਲਾਵਾ ਕਰਮਚਾਰੀਆਂ ਲਈ ਈਪੀਐਫ ਸਕੀਮ ਲਾਗੂ ਕਰਨ, ਕਿੱਤਾ ਟੈਕਸ ਤੋਂ ਛੂਟ ਦੇਣ ਅਤੇ ਤਰਸ ਆਧਾਰਿਤ ਨੌਕਰੀ ਬਿਨਾ ਸ਼ਰਤ ਮੁਹੱਈਆ ਕਰਵਾਉਣ ਦੀ ਮੰਗ ਵੀ ਕੀਤੀ ਗਈ | ਧਰਨੇ ਦੌਰਾਨ ਡੈਨੀ ਪ੍ਰਧਾਨ, ਅਮਰ ਭੱਟੀ, ਸੋਨੰੂ ਡਰੋਗਾ, ਰਾਜ ਕੁਮਾਰ, ਰਜੇਸ਼ ਪਾਲਾ, ਪ੍ਰੀਤ ਸੋਨੰੂ, ਰਮਨ ਘਾਰੂ, ਗੁਲਸ਼ਨ ਗਿੱਲ, ਮਹਿੰਦਰ, ਰਾਜ, ਕਾਕੜਾ ਰਾਜਾ, ਅਕਬਰ ਮੋਝਾ, ਸੰਜੇ ਭੱਟੀ, ਰਣਜੀਤ ਵਾਲਮੀਕ ਭੱਟੀ ਸਮੇਤ ਕਈ ਹੋਰ ਮੈਂਬਰ ਮੌਜੂਦ ਸਨ |
ਮੱਖੂ, (ਵਰਿੰਦਰ ਮਨਚੰਦਾ)-ਸਫ਼ਾਈ ਸੇਵਕਾਂ ਤੇ ਮਿਉਂਸੀਪਲ ਕਾਮਿਆਂ ਨੇ ਹੱਕੀ ਮੰਗਾਂ ਲਈ ਸ਼ੁਰੂ ਕੀਤੀ ਅਣਮਿਥੇ ਸਮੇਂ ਦੀ ਹੜਤਾਲ ਦੇ ਦੂਜੇ ਦਿਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਸਫ਼ਾਈ ਸੇਵਕਾਂ ਨੇ ਹੜਤਾਲ ਲਈ ਇੱਕਜੁੱਟਤਾ ਦਿਖਾਈ ਅਤੇ ਸਰਕਾਰ 'ਤੇ ਦਬਾਅ ਬਣਾਉਣ ਲਈ ਸੰਘਰਸ਼ ਤਿੱਖਾ ਕਰਨ ਸਬੰਧੀ ਚਰਚਾ ਕੀਤੀ | ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਕੀਤੀ ਇਸ ਹੜਤਾਲ ਵਿਚ ਸਫ਼ਾਈ ਸੇਵਕਾਂ ਤੋਂ ਇਲਾਵਾ ਸੀਵਰੇਜ ਕਰਮਚਾਰੀਆਂ, ਕੰਪਿਊਟਰ ਆਪੇ੍ਰਟਰਾਂ, ਇਲੈਕਟ੍ਰੀਸ਼ੀਅਨਾਂ, ਡਰਾਈਵਰ ਅਤੇ ਕਲੈਰੀਕਲ ਸਟਾਫ਼ ਨੇ ਕੰਮ ਛੱਡ ਕੇ ਸੰਘਰਸ਼ ਕੀਤਾ | ਪ੍ਰਧਾਨ ਰਾਜੂ ਮੇਟ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕਰਕੇ ਲਮਕਦੀਆਂ ਆ ਰਹੀਆਂ ਮੰਗਾਂ ਫ਼ੌਰੀ ਮੰਗਣ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਵਾਅਦਿਆਂ ਦੀ ਰਾਜਨੀਤੀ ਨਾਲ ਮੁਲਾਜ਼ਮਾਂ ਨੂੰ ਹੋਰ ਧੋਖਾ ਨਹੀਂ ਦਿੱਤਾ ਜਾ ਸਕਦਾ | ਮੀਟਿੰਗਾਂ ਦੇ ਨਾਂਅ 'ਤੇ ਟਾਲ-ਮਟੋਲ ਕਰਨਾ ਹੁਣ ਬਰਦਾਸ਼ਤ ਤੋਂ ਬਾਹਰ ਹੈ | ਸਰਕਾਰ ਦੀ ਲਾਪਰਵਾਹੀ ਨੇ ਹੀ ਕਾਮਿਆਂ ਨੂੰ ਸੰਘਰਸ਼ ਲਈ ਮਜ਼ਬੂਰ ਕੀਤਾ ਹੈ | ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ, ਠੇਕੇਦਾਰੀ ਪ੍ਰਥਾ ਦਾ ਖ਼ਾਤਮਾ, ਡੀ.ਏ. ਦੀ ਬਕਾਇਆ ਕਿਸ਼ਤ ਅਤੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨਾ ਮੁੱਖ ਮੰਗਾਂ ਹਨ, ਜਿਨ੍ਹਾਂ 'ਤੇ ਹੁਣ ਕੋਈ ਸਮਝੌਤਾ ਨਹੀਂ ਹੋਵੇਗਾ | ਇਸ ਮੌਕੇ ਸੈਨੇਟਰੀ ਕਲਰਕ ਰਾਜ ਕਮਲ, ਕਲਰਕ ਗੁਰਪ੍ਰੀਤ ਸਿੰਘ ਗੋਰਾ, ਬਲਵਿੰਦਰ ਸਿੰਘ ਸੋਨੂੰ, ਹਰਪ੍ਰੀਤ ਸਿੰਘ, ਹੀਰਾ ਸਿੰਘ ਇਲੈਕਟ੍ਰੀਸ਼ਨ, ਸਫ਼ਾਈ ਕਰਮਚਾਰੀ ਰਿੱਖੀ ਰਾਮ, ਵਿਜੇ ਕੁਮਾਰ, ਕੇਵਲ, ਟੋਨੀ, ਲਵ ਰਾਜ, ਨਾਨਕ, ਸੁਰਿੰਦਰ ਕੁਮਾਰ ਗੁੱਲੂ, ਰਾਜੂ, ਰਜਿੰਦਰ ਕੁਮਾਰ, ਮਨੋਜ ਕੁਮਾਰ, ਸ਼ੰਕਰ, ਕਾਕਾ, ਸੋਨੂੰ, ਰੁਲਦੂ, ਬਿਮਲਾ, ਸ਼ਾਂਤੀ, ਬਬਲੀ, ਕਮਲੇਸ਼, ਸੰਤੋਸ਼ ਰਾਣੀ, ਵੀਨਾ ਰਾਣੀ, ਅਰੁਨ ਕੁਮਾਰ, ਮੰਗਾ, ਗੁਲਾਬ, ਵਿੱਕੀ, ਸੰਮਾ ਆਦਿ ਹਾਜ਼ਰ ਸਨ |
ਨਗਰ ਕੌਂਸਲ ਦੇ 84 ਕਰਮਚਾਰੀਆਂ ਦਾ ਮਤਾ ਜਲਦ ਪਾਸ ਕੀਤਾ ਜਾਵੇ- ਗਰੋਵਰ
ਨਗਰ ਕੌਂਸਲ ਦੇ ਪ੍ਰਧਾਨ ਰਿੰਕੂ ਗਰੋਵਰ ਨੇ ਕਰਮਚਾਰੀਆਂ ਚੱਲ ਰਹੇ ਧਰਨੇ ਨੂੰ ਸਮਰਥਨ ਦਿੰਦਿਆਂ ਕਿਹਾ ਕਿ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਲੋਂ ਪਿਛਲੇ ਦੋ ਸਾਲਾਂ ਤੋਂ 84 ਕਰਮਚਾਰੀਆਂ ਨੂੰ ਆਊਟ ਸੋਰਸ ਅਤੇ ਕੰਟਰੈਕਟ ਬੇਸ 'ਤੇ ਨਗਰ ਕੌਂਸਲ ਵਿਚ ਐਂਟਰੀ ਦੇਣ ਸੰਬੰਧੀ ਮਤਾ ਪਾਸ ਕਰਕੇ ਡੀ.ਸੀ. ਦਫਤਰ ਭੇਜਿਆ ਗਿਆ ਸੀ, ਜੋ ਅਜੇ ਤੱਕ ਏ.ਡੀ.ਸੀ. ਦਫਤਰ ਵਿਚ ਲੰਬਿਤ ਪਿਆ ਹੈ | ਉਨ੍ਹਾਂ ਦੋਸ਼ ਲਗਾਇਆ ਹੈ ਕਿ ਸਬੰਧਤ ਅਧਿਕਾਰੀ ਇਸ ਮਾਮਲੇ ਨੂੰ ਲਗਾਤਾਰ ਇਗਨੋਰ ਕਰ ਰਹੇ ਹਨ | ਰਿੰਕੂ ਗਰੋਵਰ ਨੇ ਕਿਹਾ ਕਿ ਜੇ ਇਹ ਮਤਾ ਜਲਦ ਪਾਸ ਹੋ ਜਾਵੇ ਤਾਂ ਨਵੇਂ ਕਰਮਚਾਰੀਆਂ ਦੀ ਭਰਤੀ ਹੋ ਸਕੇਗੀ | ਜਿਸ ਨਾਲ ਸ਼ਹਿਰ ਦੀ ਸਫ਼ਾਈ ਅਤੇ ਹੋਰ ਕੰਮ ਕਾਜ ਵਿਚ ਸੁਧਾਰ ਆਵੇਗਾ | ਰਿੰਕੂ ਗਰੋਵਰ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਕਰਮਚਾਰੀਆਂ ਦੀਆਂ ਮੰਗਾਂ ਅਤੇ 84 ਬੰਦਿਆਂ ਵਾਲਾ ਮਤਾ ਪਾਸ ਨਾ ਕੀਤਾ ਗਿਆ ਤਾਂ ਨਗਰ ਕੌਂਸਲ ਦੇ ਸਮੂਹ ਕੌਂਸਲਰ ਕਰਮਚਾਰੀਆਂ ਦੇ ਨਾਲ ਮਿਲ ਕੇ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ |
ਪਿਛਲੀ ਖ਼ਬਰ ਤਲਵੰਡੀ ਭਾਈ ਦੀ ਅਨਾਜ ਮੰਡੀ 'ਚ ਮਜ਼ਦੂਰਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਜਨਤਕ ਮੰਗਾਂ ਨੂੰ ਲੈ ਕੇ ਸਮਾਜ ਸੇਵੀ ਮਦਨ ਲਾਲ ਨਰੂਲਾ ਦਾ ਧਰਨਾ 195ਵੇਂ ਦਿਨ 'ਚ ਦਾਖਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।