03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਕਾਂਗਰਸ ਪਾਰਟੀ ਅੰਦਰ ਫ਼ਿਰੋਜ਼ਪੁਰ ਦਿਹਾਤੀ ਹਲਕੇ 'ਚ ਬਣਿਆ ਅਸਥਿਰਤਾ ਦਾ ਮਾਹੌਲ

ਅਜੀਤ ਡੈਸਕ 30-01-2026
ਮਮਦੋਟ, 29 ਜਨਵਰੀ (ਰਾਜਿੰਦਰ ਸਿੰਘ ਹਾਂਡਾ)-ਜਿਵੇਂ-ਜਿਵੇਂ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਉਵੇ ਹੀ ਕਾਂਗਰਸ ਪਾਰਟੀ ਵਿਚ ਵਿਵਾਦ ਵਧਦਾ ਹੀ ਜਾ ਰਿਹਾ ਹੈ | ਪਿਛਲੇ ਸਮੇਂ ਦੌਰਾਨ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਅੰਦਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਅਤੇ ਕਾਂਗਰਸੀ ਆਗੂ ਗੁਰਦੀਪ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਸਮਰਥਕਾਂ ਵਿਚਕਾਰ ਖਿੱਚ-ਖਿਚਾਈ ਵੇਖਣ ਨੂੰ ਮਿਲੀ ਸੀ | ਇਸ ਤੋਂ ਬਾਅਦ ਜਲਾਲਾਬਾਦ ਹਲਕੇ ਵਿਚ ਵੀ ਰਮਿੰਦਰ ਸਿੰਘ ਆਂਵਲਾ ਦਾ ਪਾਰਟੀ ਦੇ ਇਕ ਬਲਾਕ ਪ੍ਰਧਾਨ ਵਲੋਂ ਸ਼ਰੇਆਮ ਵਿਰੋਧ ਕੀਤਾ ਗਿਆ | ਹੁਣ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਜਿਥੋਂ ਕਿ 2022 ਵਿਚ ਕਾਂਗਰਸ ਦੀ ਟਿਕਟ 'ਤੇ ਵਿਧਾਨ ਸਭਾ ਚੋਣ ਲੜਨ ਵਾਲੇ ਅਮਰਦੀਪ ਸਿੰਘ ਆਸ਼ੂ ਬਾਂਗੜ ਕਾਂਗਰਸ ਪਾਰਟੀ ਵਿਚ ਹਲਕਾ ਇੰਚਾਰਜ ਲਗਾਏ ਹੋਏ ਹਨ, ਜੋ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਮੰਨੇ ਜਾਂਦੇ ਹਨ | ਪਰ ਹੁਣ ਉਨ੍ਹਾਂ ਨੂੰ ਇਸ ਵਿਧਾਨ ਸਭਾ ਹਲਕੇ ਤੋਂ ਬਾਹਰਲਾ ਹੋਣ ਦਾ ਕਹਿ ਕੇ ਪਿਛਲੇ ਕੁੱਝ ਮਹੀਨਿਆਂ ਤੋਂ ਲੋਕਲ ਕਾਂਗਰਸੀਆਂ ਵਲੋਂ ਅੰਦਰੋਂ-ਅੰਦਰੀਂ ਕੀਤਾ ਜਾ ਰਿਹਾ ਵਿਰੋਧ ਹੁਣ ਖੁੱਲ੍ਹ ਕੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ | ਜ਼ਿਕਰਯੋਗ ਹੈ ਕਿ ਇਹ ਵਿਧਾਨ ਸਭਾ ਹਲਕਾ ਅਨੁਸੂਚਿਤ ਜਾਤੀਆਂ ਲਈ ਰਾਖਵਾਂ ਹੋਣ ਅਤੇ ਹੋਂਦ ਵਿਚ ਆਉਣ ਤੋਂ ਬਾਅਦ ਕਾਂਗਰਸ ਪਾਰਟੀ ਵਲੋਂ ਅਜੇ ਤੱਕ ਹਲਕੇ 'ਚ ਰਹਿੰਦੇ ਕਿਸੇ ਵੀ ਪੁਰਾਣੇ ਕਾਂਗਰਸੀ ਨੂੰ ਅਜੇ ਤੱਕ ਟਿਕਟ ਨਹੀਂ ਦਿੱਤੀ ਗਈ, ਇਸ ਹਲਕੇ ਤੋਂ ਦੋ ਵਾਰ ਸਾਬਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਚੋਣ ਲੜ ਚੁੱਕੇ ਹਨ, ਜੋ ਕਿ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਨਾਲ ਸੰਬੰਧਿਤ ਸਨ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਵਲੋਂ ਸਤਿਕਾਰ ਕੌਰ ਗਹਿਰੀ ਦੀ ਟਿਕਟ ਕੱਟ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬਾਂਗੜ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਿਲ ਕਰਕੇ ਕਾਂਗਰਸ ਦੀ ਟਿਕਟ 'ਤੇ ਚੋਣ ਲੜਾਈ ਸੀ | ਪਰ ਮਜ਼ਬੂਤ ਉਮੀਦਵਾਰ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਹਨੇਰੀ ਹੋਣ ਕਾਰਨ ਉਹ ਇਸ ਸੀਟ ਹਾਰ ਗਏ ਸਨ | ਉਸ ਵਕਤ ਤੋਂ ਲੈ ਕੇ ਉਹ ਲਗਾਤਾਰ ਹਲਕੇ ਵਿਚ ਵਿਚਰਦੇ ਰਹੇ ਪਰ ਪਿਛਲੇ ਸਮੇਂ ਦੌਰਾਨ ਪਾਰਟੀ ਵਲੋਂ ਹਲਕਾ ਇੰਚਾਰਜ ਅਮਰਦੀਪ ਸਿੰਘ ਆਸ਼ੂ ਬਾਂਗੜ ਦੀ ਸਿਫ਼ਾਰਸ਼ 'ਤੇ ਹਲਕੇ ਅੰਦਰ ਅਹੁਦੇਦਾਰਾਂ ਦਾ ਐਲਾਨ ਕਰਨ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਵਿਰੋਧੀ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ | ਇਸ ਦੇ ਨਾਲ ਹੀ ਇਸ ਹਲਕੇ ਦੀ ਬਾਰਡਰ ਪੱਟੀ 'ਤੇ ਵਸਿਆ ਰਾਏ ਸਿੱਖ ਭਾਈਚਾਰੇ ਵਲੋਂ ਸਾਬਕਾ ਲੋਕ ਸਭਾ ਮੈਂਬਰ ਮੋਹਨ ਸਿੰਘ ਫਲੀਆਂ ਵਾਲਾ ਜੋ ਜਲਾਲਾਬਾਦ ਹਲਕੇ ਨਾਲ ਸਬੰਧਿਤ ਹਨ, ਉਸ ਨੂੰ ਇਸ ਹਲਕੇ ਤੋਂ ਉਮੀਦਵਾਰ ਬਣਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ, ਜਦ ਕਿ ਰਾਏ ਸਿੱਖ ਭਾਈਚਾਰੇ ਦੇ ਹੀ ਇਕ ਧੜੇ ਵਲੋਂ ਭਾਈਚਾਰੇ ਦੇ ਕਿਸੇ ਲੋਕਲ ਕਾਂਗਰਸੀ ਆਗੂ ਨੂੰ ਟਿਕਟ ਦੇਣ ਦੀ ਮੰਗ ਵੀ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਵਣ ਪਾਲ ਸਰਕਲ ਦਫ਼ਤਰ ਦੇ ਸੀਨੀਅਰ ਸਟੈਨੋਗ੍ਰਾਫ਼ਰ ਸਵਿਤਾ ਢੀਂਗੜਾ ਦਾ ਸੇਵਾ ਮੁਕਤੀ ਮੌਕੇ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਗੁਰਦੁਆਰਾ ਭਾਈ ਹਾਕਮ ਸਿੰਘ ਵਿਖੇ ਮਨਾਇਆ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।