ਫ਼ਿਰੋਜ਼ਪੁਰ, 29 ਜਨਵਰੀ (ਸੁਖਵਿੰਦਰ ਸਿੰਘ)-ਦਮਦਮੀ ਟਕਸਾਲ ਦੇ ਪਹਿਲੇ ਮੁਖੀ ਤੇ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਹਿਰ ਦੇ ਮੱਖੂ ਗੇਟ ਸਥਿਤ ਗੁਰਦੁਆਰਾ ਭਾਈ ਹਾਕਮ ਸਿੰਘ ਵਿਖੇ ਸ਼ਰਧਾ ਨਾਲ ਮਨਾਇਆ | ਗੁਰਦੁਆਰਾ ਸਾਹਿਬ ਦੀ ਇਸਤਰੀ ਸਤਸੰਗ ਸਭਾ ਵਲੋਂ ਪਿਛਲੇ ਕਈ ਦਿਨਾਂ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਲੜੀ ਆਰੰਭ ਕੀਤੀ ਗਈ ਸੀ, ਜਿਸ ਦੇ ਅੱਜ ਭੋਗ ਪਾਏ ਗਏ | ਲੜੀ ਦੀ ਸੰਪੂਰਨਤਾ ਉਪਰੰਤ ਦੀਵਾਨ ਸਜਾਏ ਗਏ | ਜਿਸ 'ਚ ਭਾਈ ਸਲਵਿੰਦਰ ਸਿੰਘ ਤੇ ਭਾਈ ਅਮਨਦੀਪ ਸਿੰਘ ਅਤੇ ਬੀਬੀ ਅਮਰਜੀਤ ਕੌਰ ਦੇ ਰਾਗੀ ਜਥਿਆਂ ਨੇ ਸੰਗਤ ਨੂੰ ਆਪਣੇ ਮਨੋਹਰ ਕੀਰਤਨ ਨਾਲ ਨਿਹਾਲ ਕੀਤਾ | ਭਾਈ ਸਲਵਿੰਦਰ ਸਿੰਘ ਨੇ ਜਿਥੇ ਆਪਣੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਉਥੇ ਬਾਬਾ ਦੀਪ ਸਿੰਘ ਜੀ ਦੀ ਜੀਵਨੀ 'ਤੇ ਵੀ ਚਾਨਣਾ ਪਾਇਆ | ਦੀਵਾਨਾ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਤੇ ਚਾਹ-ਖੀਰ ਦੇ ਲੰਗਰ ਅਟੁੱਟ ਵਰਤਾਏ ਗਏ | ਗੁਰਦੁਆਰਾ ਕਮੇਟੀ ਦੇ ਸਰਪ੍ਰਸਤ ਭਾਈ ਜਸਪਾਲ ਸਿੰਘ ਨੇ ਇਹਨਾਂ ਸਮਾਗਮਾਂ 'ਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਆਸ ਕੀਤੀ ਕਿ ਆਉਣ ਵਾਲੇ ਹੋਰ ਸਮਾਗਮਾਂ ਵਿਚ ਵੀ ਸੰਗਤਾਂ ਇਸੇ ਤਰ੍ਹਾਂ ਸਹਿਯੋਗ ਦਿੰਦੀਆਂ ਰਹਿਣਗੀਆਂ | ਇਸ ਸਮੇਂ ਬਾਬਾ ਮੁਖ਼ਤਿਆਰ ਸਿੰਘ, ਭਾਈ ਜਸਪਾਲ ਸਿੰਘ, ਕਿੱਕਰ ਸਿੰਘ ਸੰਧੂ, ਸੁਰਜੀਤ ਸਿੰਘ, ਪ੍ਰਗਟ ਸਿੰਘ, ਗੁਰਚਰਨ ਸਿੰਘ ਬਾਵਾ, ਅਜਮੇਰ ਸਿੰਘ, ਸੁਖਬੀਰ ਸਿੰਘ ਸੰਧੂ, ਬਲਵਿੰਦਰ ਸਿੰਘ, ਸੁਖਦੇਵ ਸਿੰਘ, ਅਨੂਪ ਸਿੰਘ ਤੇ ਗੁਰਨਾਮ ਸਿੰਘ ਆਦਿ ਹਾਜ਼ਰ ਸਨ |