ਜ਼ੀਰਾ, 22 ਜਨਵਰੀ (ਰਜਨੀਸ਼ ਕਥੂਰੀਆ)-ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਕਰੀਬ ਇਕ ਸਾਲ ਪਹਿਲਾਂ ਸਾਬਕਾ ਗੈਂਗਸਟਰ ਤੇ ਮੌਜੂਦਾ ਸਮਾਜ ਸੇਵਕ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਦੀਆਂ ਪਿਛਲੇ ਕੁੱਝ ਸਮੇਂ ਤੋਂ ਜ਼ੀਰਾ ਹਲਕੇ 'ਚ ਵਧੀਆਂ ਸਰਗਰਮੀਆਂ ਦੇ ਕਾਰਨ ਰਾਜਨੀਤਿਕ ਗਲਿਆਰਿਆਂ 'ਚ ਸਿਆਸੀ ਕਿਆਸਰਾਈਆਂ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਪਿਛਲੇ ਕੁਝ ਸਮੇਂ ਤੋਂ ਜ਼ੀਰਾ ਹਲਕੇ ਵਿਚ ਸੱਦਾ ਦਿੱਤੇ ਜਾਣ 'ਤੇ ਜਿਥੇ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਰੀਕ ਹੋਣ ਲਈ ਸਮਾਂ ਕੱਢ ਰਹੇ ਹਨ ਉਥੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਸੁਣ ਕੇ ਉਨ੍ਹਾਂ ਦਾ ਹੱਲ ਕਰਵਾਉਣ ਲਈ ਵੀ ਲਗਾਤਾਰ ਯਤਨਸ਼ੀਲ ਹਨ | ਜਾਣਕਾਰੀ ਅਨੁਸਾਰ ਜ਼ੀਰਾ ਹਲਕੇ ਦੀਆਂ ਕੁੱਝ ਸਿਆਸੀ ਪਾਰਟੀਆਂ ਦੇ ਆਪਣੀ ਹੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਅਨੇਕਾਂ ਸਾਬਕਾ ਸਰਪੰਚ, ਪੰਚ ਤੇ ਹੋਰ ਮੁਹਤਬਰ ਵਿਅਕਤੀ, ਕੁਝ ਕਿਸਾਨ ਯੂਨੀਅਨ ਦੇ ਆਗੂ ਅਤੇ ਸਮਾਜ ਸੇਵਕਾਂ ਤੋਂ ਇਲਾਵਾ ਗੈਂਗਸਟਰਾਂ ਵਲੋਂ ਫਿਰੌਤੀਆਂ ਦੇਣ ਲਈ ਆਉਂਦੀਆਂ ਰੈਂਟ ਕਾਲਾਂ ਤੋਂ ਪ੍ਰੇਸ਼ਾਨ ਕੁੱਝ ਵਪਾਰੀ ਵਰਗ ਨਾਲ ਸੰਬੰਧਿਤ ਵਿਅਕਤੀ ਵੀ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਦੇ ਸੰਪਰਕ 'ਚ ਦੱਸੇ ਜਾ ਰਹੇ ਹਨ | ਵਰਨਣਯੋਗ ਹੈ ਕਿ ਸਿਆਸੀ ਗਲਿਆਰਿਆਂ 'ਚ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਉਸ ਵੇਲੇ ਅਚਾਨਕ ਸੁਰਖ਼ੀਆਂ ਵਿਚ ਆ ਗਏ ਜਦੋਂ ਉਨ੍ਹਾਂ ਨੇ ਲੰਘੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਆਪਣੀਆਂ ਦੋਵਾਂ ਪਤਨੀਆਂ ਨੂੰ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਵਿਚ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਫ਼ਿਰੋਜ਼ਸ਼ਾਹ ਤੇ ਬਜ਼ੀਦਪੁਰ ਤੋਂ ਇਹ ਚੋਣ ਲੜਨ ਲਈ ਚੋਣ ਮੈਦਾਨ ਵਿਚ ਉਤਾਰਿਆ | ਇਸ ਤੋਂ ਬਾਅਦ ਉਨ੍ਹਾਂ ਨੂੰ ਸੱਤਾਧਾਰੀ ਪਾਰਟੀ ਦੇ ਇਕ ਵਿਧਾਇਕ ਵਲੋਂ ਕਥਿਤ ਤੌਰ 'ਤੇ ਇਕ ਪੁਰਾਣੇ ਮਾਮਲੇ 'ਚ ਉਲਝਾ ਕੇ ਸਿਆਸੀ ਠਿੱਬੀ ਦੇਣ ਲਈ ਜੇਲ੍ਹ ਭੇਜ ਦਿੱਤਾ ਗਿਆ ਪਰ ਸੱਤਾਧਾਰੀ ਪਾਰਟੀ ਦੀ ਇਸ ਸਿਆਸੀ ਚਾਲ ਦਾ ਉਮੀਦ ਤੋਂ ਉਲਟ ਅਸਰ ਹੋਇਆ ਅਤੇ ਉਨ੍ਹਾਂ ਦੀਆਂ ਪਤਨੀਆਂ ਦੇ ਹਲਕਿਆਂ ਦੇ ਹੀ ਨਹੀਂ ਬਲਕਿ ਲੈ ਆਸ-ਪਾਸ ਦੇ ਜ਼ਿਲਿ੍ਹਆਂ ਦੇ ਲੋਕਾਂ ਦੀ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਦੇ ਨਾਲ ਹਮਦਰਦੀ ਪੈਦਾ ਹੋ ਗਈ | ਇਸ ਤੋਂ ਇਲਾਵਾ ਇਕ ਵਿਸ਼ੇਸ਼ ਸਿਆਸੀ ਪਾਰਟੀ ਵਲੋਂ ਉਸ ਦੀ ਜ਼ਮਾਨਤ ਕਰਵਾਉਣ ਲਈ ਨਿਭਾਈ ਗਈ | ਵਿਸ਼ੇਸ਼ ਭੂਮਿਕਾ ਦੇ ਦੌਰਾਨ ਉਨ੍ਹਾਂ ਨੂੰ ਮਿਲੀ ਜ਼ਮਾਨਤ ਅਤੇ ਦੋਵਾਂ ਹਲਕਿਆਂ ਤੋਂ ਉਨ੍ਹਾਂ ਦੀਆਂ ਪਤਨੀਆਂ ਦੀ ਜਿੱਤ ਨੇ ਗੁਰਪ੍ਰੀਤ ਸਿੰਘ ਸੇਖੋਂ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ ਕਰ ਦਿੱਤੀ | ਹੁਣ ਜ਼ੀਰਾ ਹਲਕੇ ਦੇ ਸਿਆਸੀ ਗਲਿਆਰਿਆਂ 'ਚ ਇਸ ਗੱਲ ਨੂੰ ਲੈ ਕੇ ਜ਼ੋਰਦਾਰ ਚਰਚਾ ਹੈ ਕਿ ਉਹ ਸਾਲ 2027 ਵਿਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਿਸੇ ਵਿਸ਼ੇਸ਼ ਰਾਜਨੀਤਿਕ ਵਲੋਂ ਅਤੇ ਜਾਂ ਆਜ਼ਾਦ ਤੌਰ 'ਤੇ ਚੋਣ ਲੜ ਸਕਦੇ ਹਨ | ਇਸ ਸੰਬੰਧੀ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਨੇ ਸਾਰੀਆਂ ਸਿਆਸੀ ਕਿਆਸਰਾਈਆਂ 'ਤੇ ਵਿਰਾਮ ਲਗਾਉਂਦਿਆਂ ਦੱਸਿਆ ਕਿ ਜ਼ੀਰਾ ਹਲਕੇ ਦੇ ਜਿਹੜੇ ਲੋਕ ਮੈਨੂੰ ਪਿਆਰ ਨਾਲ ਕਿਸੇ ਸਮਾਗਮ 'ਚ ਸ਼ਾਮਿਲ ਹੋਣ ਲਈ ਸੱਦਾ ਦਿੰਦੇ ਹਨ, ਮੈਂ ਉਥੇ ਜ਼ਰੂਰ ਪਹੁੰਚਦਾ ਹਾਂ ਅਤੇ ਜਿਥੋਂ ਤੱਕ ਉਨ੍ਹਾਂ ਦੀ ਕੋਈ ਦੁੱਖ ਤਕਲੀਫ਼ ਦੀ ਗੱਲ ਹੈ ਅਤੇ ਜੇਕਰ ਮੇਰੇ ਯਤਨ ਕਰਨ ਨਾਲ ਕਿਸੇ ਦੀ ਕੋਈ ਮੁਸ਼ਕਿਲ ਦੂਰ ਹੁੰਦੀ ਹੈ ਤਾਂ ਇਸ ਨੂੰ ਹੱਲ ਕਰਨ ਲਈ ਯਤਨ ਕਰਨਾ ਮੈਂ ਆਪਣਾ ਫ਼ਰਜ਼ ਸਮਝਦਾ ਹਾਂ | ਕਿਸੇ ਸਿਆਸੀ ਪਾਰਟੀ ਵਲੋਂ ਚੋਣ ਲੜਨ ਤੋਂ ਫ਼ਿਲਹਾਲ ਇਨਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਹਲਕੇ ਦੇ ਲੋਕਾਂ ਨੇ ਮੈਨੂੰ ਸਾਥ ਦਿੱਤਾ ਤਾਂ ਮੈਂ ਇਸ ਹਲਕੇ ਤੋਂ ਵਿਧਾਨ ਸਭਾ ਚੋਣ ਜ਼ਰੂਰ ਲੜਾਂਗਾ ਭਾਵੇਂ ਉਹ ਆਜ਼ਾਦ ਤੌਰ 'ਤੇ ਹੀ ਕਿਉਂ ਨਾ ਲੜਨੀ ਪਵੇ |