20 ਲੱਖ ਰੁਪਏ ਦੀ ਲਾਗਤ ਨਾਲ ਬਣਿਆ ‘ਤਬਲੀਗੀ ਮਰਕਜ਼ ਚੌਂਕ’ ਮਲੇਰਕੋਟਲਾ ਦੀ ਨਵੀਂ ਪਛਾਣ,
ਖੁੱਲ੍ਹੀ ਕੁਰਾਨ ਸ਼ਰੀਫ਼ ਦਾ ਢਾਂਚਾ ਖਿੱਚ ਰਿਹਾ ਸਭ ਦਾ ਧਿਆਨ
ਮਲੇਰਕੋਟਲਾ, 6 ਨਵੰਬਰ (ਮੁਹੰਮਦ ਹਨੀਫ਼ ਥਿੰਦ)-ਮਲੇਰਕੋਟਲਾ ਦੀ ਇਤਿਹਾਸਕ ਪਛਾਣ ਅਤੇ ਸੁੰਦਰਤਾ ਨੂੰ ਨਵਾਂ ਰੂਪ ਦੇਣ ਲਈ ਕਰੀਬ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ‘ਤਬਲੀਗੀ ਮਰਕਜ਼ ਚੌਂਕ’ ਆਪਣੀ ਵਿਲੱਖਣ ਵਾਸਤੂ-ਕਲਾ, ਮਨਮੋਹਕ ਰੌਸ਼ਨੀਆਂ ਅਤੇ ਧਾਰਮਿਕ ਵਿਰਾਸਤ ਦੀ ਕਲਾਤਮਕ ਪੇਸ਼ਕਾਰੀ ਸਦਕਾ ਸ਼ਹਿਰ ਦੀ ਖ਼ੂਬਸੂਰਤੀ ਵਿਚ ਵਾਧਾ ਕਰ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੋਜਨਾ ਕਮੇਟੀ ਮਲੇਰਕੋਟਲਾ ਦੇ ਚੇਅਰਮੈਨ ਸਾਕਿਬ ਅਲੀ ਖ਼ਾਨ ਰਾਜਾ ਨੇ ਦੱਸਿਆ ਕਿ ਚੌਂਕ ਦਾ ਹੇਠਲਾ ਢਾਂਚਾ ਪੂਰੀ ਤਰ੍ਹਾਂ ਆਰ.
ਮਲੇਰਕੋਟਲਾ, 6 ਨਵੰਬਰ (ਮੁਹੰਮਦ ਹਨੀਫ਼ ਥਿੰਦ)-ਮਲੇਰਕੋਟਲਾ ਦੀ ਇਤਿਹਾਸਕ ਪਛਾਣ ਅਤੇ ਸੁੰਦਰਤਾ ਨੂੰ ਨਵਾਂ ਰੂਪ ਦੇਣ ਲਈ ਕਰੀਬ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ‘ਤਬਲੀਗੀ ਮਰਕਜ਼ ਚੌਂਕ’ ਆਪਣੀ ਵਿਲੱਖਣ ਵਾਸਤੂ-ਕਲਾ, ਮਨਮੋਹਕ ਰੌਸ਼ਨੀਆਂ ਅਤੇ ਧਾਰਮਿਕ ਵਿਰਾਸਤ ਦੀ ਕਲਾਤਮਕ ਪੇਸ਼ਕਾਰੀ ਸਦਕਾ ਸ਼ਹਿਰ ਦੀ ਖ਼ੂਬਸੂਰਤੀ ਵਿਚ ਵਾਧਾ ਕਰ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੋਜਨਾ ਕਮੇਟੀ ਮਲੇਰਕੋਟਲਾ ਦੇ ਚੇਅਰਮੈਨ ਸਾਕਿਬ ਅਲੀ ਖ਼ਾਨ ਰਾਜਾ ਨੇ ਦੱਸਿਆ ਕਿ ਚੌਂਕ ਦਾ ਹੇਠਲਾ ਢਾਂਚਾ ਪੂਰੀ ਤਰ੍ਹਾਂ ਆਰ.ਸੀ.ਸੀ. (ਰੀਇਨਫੋਰਸਡ ਸੀਮਿੰਟ ਕੰਕਰੀਟ) ਨਾਲ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਉੱਪਰ ਸਥਾਪਿਤ ਪਵਿੱਤਰ ਕੁਰਾਨ ਸ਼ਰੀਫ਼ ਦੀ ਖੁੱਲ੍ਹੀ ਪੁਸਤਕ ਦੇ ਆਕਾਰ ਵਾਲਾ ਢਾਂਚਾ ਲੋਹੇ ਨਾਲ ਬਣਾਇਆ ਗਿਆ ਹੈ, ਜਿਸ ਦਾ ਵਜ਼ਨ ਕਰੀਬ 25 ਕੁਇੰਟਲ ਹੈ। ਉਨ੍ਹਾਂ ਦੱਸਿਆ ਕਿ ਉੱਪਰਲੇ ਹਿੱਸੇ ਵਿਚ ਸਟੀਲ ਰਾਹੀਂ ਪਵਿੱਤਰ ਅਰਬੀ ਇਬਾਰਤ ਉੱਕਰੀ ਗਈ ਹੈ। ਇਸ ਵਿਚ ‘ਬਿਸਮਿੱਲਾ ਹਿਰ-ਰਹਿਮਾ ਨਿਰਰਾਹੀਮ’, ਜਿਸ ਦਾ ਭਾਵ ਹੈ ‘ਅੱਲਾਹ ਦੇ ਨਾਮ ਨਾਲ ਸ਼ੁਰੂ ਕਰਦਾ ਹਾਂ, ਜੋ ਬੇਹੱਦ ਮਿਹਰਬਾਨ ਅਤੇ ਰਹਿਮ ਕਰਨ ਵਾਲਾ ਹੈ’, ਅਤੇ ਸੂਰਾ ਅਲ-ਅਲਕ ਦੀ ਪਹਿਲੀ ਆਇਤ ‘ਇਕਰਾ ਬਿਸਮਿ ਰੱਬਿ ਕੱਲਾਜ਼ੀ ਖ਼ਲਕ’, ਜਿਸ ਦਾ ਅਰਥ ਹੈ ‘ਪੜ੍ਹੋ ਆਪਣੇ ਉਸ ਰੱਬ ਦੇ ਨਾਮ ਨਾਲ, ਜਿਸ ਨੇ ਪੈਦਾ ਕੀਤਾ’, ਦਰਸਾਈ ਗਈ ਹੈ। ਸਾਕਿਬ ਅਲੀ ਰਾਜਾ ਨੇ ਕਿਹਾ ਕਿ ਇਹ ਕਲਾਤਮਕ ਪੇਸ਼ਕਾਰੀ ਗਿਆਨ, ਰਹਿਮਤ ਅਤੇ ਮਨੁੱਖਤਾ ਪ੍ਰਤੀ ਸਤਿਕਾਰ ਦਾ ਸੁਨੇਹਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਮਲੇਰਕੋਟਲਾ ਦੀ ਅਸਲ ਪਛਾਣ ਇਸ ਦੀ ਸਾਂਝੀਵਾਲਤਾ, ਧਾਰਮਿਕ ਸਦਭਾਵਨਾ ਅਤੇ ਅਮੀਰ ਇਤਿਹਾਸਕ ਵਿਰਾਸਤ ਵਿਚ ਵੱਸਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਵਿਕਾਸ ਸਿਰਫ਼ ਇਮਾਰਤਾਂ ਅਤੇ ਸੜਕਾਂ ਦੇ ਨਿਰਮਾਣ ਤੱਕ ਸੀਮਤ ਨਹੀਂ, ਸਗੋਂ ਉਸ ਵਿਰਾਸਤ ਨੂੰ ਸੰਭਾਲਣਾ ਵੀ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖੇ। ਉਨ੍ਹਾਂ ਕਿਹਾ ਕਿ ‘ਤਬਲੀਗੀ ਮਰਕਜ਼ ਚੌਂਕ’ ਸ਼ਹਿਰ ਦੇ ਸੁੰਦਰੀਕਰਨ ਦੇ ਨਾਲ ਮਲੇਰਕੋਟਲਾ ਦੀ ਵਿਲੱਖਣ ਪਛਾਣ ਅਤੇ ਭਾਈਚਾਰਕ ਸਾਂਝ ਨੂੰ ਉਜਾਗਰ ਕਰਨ ਵਾਲਾ ਅਹਿਮ ਸਥਾਨ ਹੈ।