30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸੰਗਰੂਰ ਦੇ ਕੱਪੜਾ ਵਪਾਰੀਆਂ 'ਤੇ ਰੇਡ ਕਰਨ ਪਹੁੰਚੀ ਜਾਅਲੀ ਰੇਡ ਪਾਰਟੀ <br/>

ਅਜੀਤ ਡੈਸਕ 18-05-2026
ਸੰਗਰੂਰ, 17 ਮਈ (ਦਮਨਜੀਤ ਸਿੰਘ) - ਰੇਡੀਮੇਡ ਕੱਪੜਾ ਵਪਾਰੀਆਂ 'ਤੇ ਬਰੈਂਡਾਂ ਦੇ ਜਾਅਲੀ ਕੱਪੜੇ ਵੇਚਣ ਦੇ ਦੋਸ਼ ਲਗਾ ਕੇ ਬਲੈਕਮੇਲ ਕਰਨ ਵਾਲੀ ਇੱਕ ਜਾਅਲੀ ਰੇਡ ਟੀਮ ਦਾ ਅੱਜ ਸੰਗਰੂਰ ਦੇ ਵਪਾਰ ਮੰਡਲ ਵਲੋਂ ਪਰਦਾਫਾਸ਼ ਕਰਦਿਆਂ ਰੇਡ ਟੀਮ ਦੇ ਦੋ ਮੈਂਬਰਾਂ 'ਤੇ ਮੁਕੱਦਮਾ ਦਰਜ ਕਰਵਾਇਆ ਗਿਆ ਹੈ | ਥਾਣਾ ਸਿਟੀ ਸੰਗਰੂਰ ਵਿਖੇ ਦਰਜ ਮੁਕੱਦਮੇ ਮੁਤਾਬਿਕ ਵਪਾਰ ਮੰਡਲ ਸੰਗਰੂਰ ਦੇ ਪ੍ਰਧਾਨ ਅਮਰਜੀਤ ਸਿੰਘ ਟੀਟੂ ਵਲ਼ੋਂ ਪੁਲਿਸ ਪਾਸ ਬਿਆਨ ਦਰਜ ਕਰਵਾਏ ਗਏ ਕਿ ਸੰਗਰੂਰ ਵਿੱਚ ਵੱਖ-ਵੱਖ ਕੱਪੜੇ ਦੀਆਂ ਦੁਕਾਨਾਂ ਹਨ, ਜੋ ਦਿੱਲੀ ਅਤੇ ਲੁਧਿਆਣਾ ਤੋਂ ਕੱਪੜਾ ਲਿਆ ਕੇ ਵੇਚਦੇ ਹਨ | ਕਮਲ ਭੰਡਾਰੀ ਅਤੇ ਸ਼ੁਭਮ ਭੰਡਾਰੀ ਦੇ ਨਾਂਅ ਦੇ ਵਿਅਕਤੀਆਂ ਦੀ ਲੁਧਿਆਣਾ ਵਿਖੇ ਕੱਪੜੇ ਦੀ ਦੁਕਾਨ ਹੈ ਜੋ ਆਪਣੇ ਆਪ ਨੂੰ ਵੱਖ-ਵੱਖ ਬਰੈਂਡਿਡ ਕੰਪਨੀਆਂ ਦੇ ਡੀਲਰ ਦੱਸਦੇ ਹਨ ਅਤੇ ਇਹ ਦੋਵੇਂ ਪੁਲਿਸ ਨੂੰ ਗੁੰਮਰਾਹ ਕਰ ਕੇ ਕੱਪੜੇ ਦੀਆਂ ਦੁਕਾਨਾਂ 'ਤੇ ਲੈ ਆਉਂਦੇ ਹਨ ਅਤੇ ਦੁਕਾਨਦਾਰਾਂ ਪਾਸ ਪਏ ਕੱਪੜੇ ਨੂੰ ਜਾਅਲੀ ਜਾਂ ਬਰੈਂਡਿਡ ਕੰਪਨੀਆਂ ਦੀ ਕਾਪੀ ਦੱਸ ਕੇ ਰੇਡ ਕਰਦਿਆਂ ਉਨ੍ਹਾਂ ਨੂੰ ਡਰਾ ਧਮਕਾ ਕੇ ਬਲੈਕਮੇਲ ਕਰਦਿਆਂ ਪੈਸੇ ਲੈ ਕੇ ਛੱਡ ਜਾਂਦੇ ਹਨ | ਅੱਜ ਵੀ ਇਨ੍ਹਾਂ ਵੱਲੋਂ ਭਰਤ ਕੁਮਾਰ ਵਾਸੀ ਗਲੀ ਨੰ -5 ਸ਼ਿਵਮ ਕਾਲੋਨੀ ਸੰਗਰੂਰ ਦੀ ਦੁਕਾਨ 'ਤੇ ਪਹੁੰਚ ਕੇ ਉਸ ਦਾ ਕੱਪੜਾ ਜਾਅਲੀ ਜਾਂ ਕਾਪੀ ਹੋਣ ਸੰਬੰਧੀ ਡਰਾਇਆ ਧਮਕਾਇਆ ਗਿਆ ਅਤੇ ਉਸ ਪਾਸੋਂ ਪੈਸਿਆਂ ਦੀ ਮੰਗ ਕੀਤੀ ਗਈ | ਪੈਸੇ ਨਾ ਦੇਣ ਦੀ ਸੂਰਤ 'ਚ ਭਰਤ ਕੁਮਾਰ 'ਤੇ ਮੁਕੱਦਮਾ ਦਰਜ ਕਰਵਾਉਣ ਦਾ ਡਰ ਦਿੱਤਾ ਗਿਆ | ਇਸ ਲਈ ਇਨ੍ਹਾਂ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ | ਪੁਲਿਸ ਨੇ ਅਮਰਜੀਤ ਸਿੰਘ ਟੀਟੂ ਦੇ ਬਿਆਨਾਂ 'ਤੇ ਕਮਲ ਭੰਡਾਰੀ ਅਤੇ ਸ਼ੁਭਮ ਭੰਡਾਰੀ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ | ਮੁਕੱਦਮੇ ਸੰਬੰਧੀ ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਟੀਟੂ ਨੇ ਕਿਹਾ ਕਿ ਜਦ ਉਨ੍ਹਾਂ ਨੂੰ ਉਕਤ ਜਾਅਲੀ ਵਿਅਕਤੀਆਂ ਵਲੋਂ ਭਰਤ ਕੁਮਾਰ ਦੀ ਦੁਕਾਨ 'ਤੇ ਰੇਡ ਕਰ ਕੇ ਉਸ ਨੂੰ ਬਲੈਕਮੇਲ ਕਰਨ ਸੰਬੰਧੀ ਜਾਣਕਾਰੀ ਮਿਲੀ ਤਾਂ ਉਹ ਵਪਾਰ ਮੰਡਲ ਦਾ ਪ੍ਰਧਾਨ ਹੋਣ ਦੇ ਨਾਅਤੇ ਤੁਰੰਤ ਉੱਥੇ ਪਹੁੰਚੇ ਅਤੇ ਉਕਤ ਰੇਡ ਪਾਰਟੀ ਨੂੰ ਸੰਬੰਧਤ ਦਸਤਾਵੇਜ ਦਿਖਾਉਣ ਲਈ ਕਿਹਾ | ਟੀਟੂ ਨੇ ਕਿਹਾ ਕਿ ਜਦ ਉਹ ਭਰਤ ਦੀ ਦੁਕਾਨ 'ਤੇ ਪਹੁੰਚੇ ਤਾਂ ਰੇਡ ਪਾਰਟੀ ਨੇ ਦੁਕਾਨ ਵਿਚ ਪਏ ਕੱਪੜਿਆਂ ਦੇ 10-12 ਬੋਰੇ ਬੰਨ੍ਹੇ ਹੋਏ ਸਨ, ਜਿਨ੍ਹਾਂ ਨੂੰ ਉਹ ਨਾਲ ਲਿਜਾਉਣ ਦੀ ਗੱਲ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਰੇਡ ਪਾਰਟੀ ਵਲੋਂ ਦੁਕਾਨਦਾਰ ਨਾਲ ਸੌਦੇਬਾਜ਼ੀ ਦੀਆਂ ਗੱਲਾਂ ਕੀਤੇ ਜਾਣ 'ਤੇ ਉਨ੍ਹਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਹ ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ | ਟੀਟੂ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਦਖਲ ਉਪਰੰਤ ਜਦ ਰੇਡ ਟੀਮ ਦੀ ਜਾਂਚ ਸੰਬੰਧੀ ਗੱਲ ਚੱਲੀ ਤਾਂ ਇਹ ਪਤਾ ਹੀ ਨਹੀਂ ਲੱਗਾ ਕਿ ਰੇਡ ਪਾਰਟੀ ਉੱਥੋਂ ਕਿਹੜੇ ਵੇਲੇ ਫਰਾਰ ਹੋ ਗਈ |

ਪਿਛਲੀ ਖ਼ਬਰ ਪਹਿਲੇ ਸਰੀਰਦਾਨੀ ਭਾਈ ਹਰੀ ਸਿੰਘ ਦੀ 21ਵੀਂ ਬਰਸੀ ਨੂੰ ਸਮਰਪਿਤ ਹੋਏ ਸਮਾਗਮ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਵਾਈਸ ਚੇਅਰਪਰਸਨ ਬਣੇ ਕੁਲਦੀਪ ਕੌਰ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।