ਬਾਘਾ ਪੁਰਾਣਾ, 7 ਮਈ (ਟਿੰਕੂ ਕਾਠਪਾਲ)-ਭਾਰਤੀ ਕਿਸਾਨ ਯੂਨੀਅਨ ਕਾਦੀਆ ਬਲਾਕ ਬਾਘਾ ਪੁਰਾਣਾ ਦੀ ਮਹੀਨਾ ਵਾਰ ਮੀਟਿੰਗ ਮੇਜਰ ਸਿੰਘ ਘੋਲੀਆ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸੰਤ ਗੁਰਮੇਲ ਸਿੰਘ ਜੀ ਵਿਖੇ ਹੋਈ | ਮੀਟਿੰਗ ਦੀ ਕਾਰਵਾਈ ਗੁਰਜਿੰਦਰ ਸਿੰਘ ਬਲਾਕ ਜਨਰਲ ਸਕੱਤਰ ਵਲੋਂ ਚਲਾਈ ਗਈ, ਇਸ ਮੀਟਿੰਗ ਵਿਚ ਨਿਰਮਲ ਸਿੰਘ ਮਾਣੂੰਕੇ ਜ਼ਿਲ੍ਹਾ ਪ੍ਰਧਾਨ ਅਤੇ ਚਰਨਪ੍ਰੀਤ ਸਿੰਘ ਬਾਘਾ ਪੁਰਾਣਾ ਮੈਂਬਰ ਜ਼ਿਲ੍ਹਾ ਅਨੁਸ਼ਾਸਨੀ ਕਮੇਟੀ ਵਲੋਂ ਵਿਸ਼ੇਸ਼ ਤੌਰ 'ਤੇ ਭਾਗ ਲਿਆ ਗਿਆ | ਮੀਟਿੰਗ ਦੌਰਾਨ ਹਾਜ਼ਰ ਕਿਸਾਨ ਭਰਾਵਾਂ ਵਲੋਂ ਧਿਆਨ ਵਿਚ ਲਿਆਂਦਾ ਗਿਆ ਕਿ ਇਲਾਕੇ ਦੇ ਰਜਵਾਹੇ ਅਜੇ ਵੀ ਪਾਣੀ ਦੀ ਹੋਂਦ ਤੋਂ ਸੱਖਣੇ ਹਨ | ਬਲਾਕ ਪ੍ਰਧਾਨ ਵਲੋਂ ਸਰਕਾਰ ਤੋ ਮੰਗ ਕੀਤੀ ਗਈ ਕਿ ਸਰਕਾਰ ਦੀ ਪਿਛਲੇ ਸਾਲਾ ਤੋ ਚਲੀ ਆ ਰਹੀ ਪਾਲਿਸੀ ਦੀ ਪਾਲਣਾ ਵਿਚ ਨਹਿਰੀ ਵਿਭਾਗ ਵਲੋਂ ਰਜਵਾਹੇ ਅਤੇ ਕੱਸੀਆਂ ਵਿਚ 1 ਮਈ ਤੋਂ ਪਾਣੀ ਛੱਡਣਾ ਸੀ ਜੋ ਅੱਜ ਤੱਕ ਵੀ ਨਹੀਂ ਚਾਲੂ ਕੀਤਾ ਗਿਆ, ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ, ਸਬਜ਼ੀਆਂ, ਮੱਕੀ ਅਤੇ ਮੂੰਗੀ ਦੀ ਫ਼ਸਲ ਦੀ ਸਿੰਜਾਈ ਵਾਸਤੇ ਪਾਣੀ ਦੀ ਸਖ਼ਤ ਲੋੜ ਹੈ, ਸੋ ਰੌਂਤਾ ਰਜਵਾਹੇ ਸਮੇਤ ਸਾਰੇ ਹੀ ਰਜਵਾਹੇ ਵਿਚ ਪਾਣੀ ਚਾਲੂ ਕੀਤਾ ਜਾਵੇ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਵਲੋਂ ਆਪਣੇ ਸੰਬੋਧਨ ਵਿਚ ਪੰਜਾਬ ਸਰਕਾਰ ਵਲੋਂ ਬਲੌਗਰ ਅਤੇ ਕਿਸਾਨ ਜਗਵਿੰਦਰ ਸਿੰਘ ਸਿੱਧੂ ਤੇ ਝੂਠਾ ਪਰਚਾ ਬੀਜ ਮਾਫ਼ੀਆ ਦੀ ਸ਼ਹਿ 'ਤੇ ਦਰਜ ਕਰਨ ਦੀ ਨਿਖੇਧੀ ਕੀਤੀ ਗਈ, ਕਿਉਂਕਿ ਜਗਵਿੰਦਰ ਸਿੰਘ ਵਲੋਂ ਬੀਜ ਮਾਫ਼ੀਆ ਦੇ ਫ਼ਸਲ ਦੇ ਬੇਹਿਸਾਬ ਝਾੜ ਦੇ ਝੂਠੇ ਅਤੇ ਕੂੜ ਪ੍ਰਚਾਰ ਦਾ ਪਰਦਾਫਾਸ਼ ਕੀਤਾ ਗਿਆ ਸੀ | ਜਥੇਬੰਦੀ ਵਲੋਂ ਕਿਸਾਨਾਂ ਨੂੰ ਬਲੋਗੇਰਾ ਦੇ ਫ਼ਸਲਾਂ ਦੇ ਝਾੜ ਸੰਬੰਧੀ ਗਲਤ ਜਾਣਕਾਰੀ ਨੂੰ ਸਹੀ ਮੰਨ ਕੇ ਬੀਜ ਖ਼ਰੀਦ ਨਾ ਕਰਨ ਦੀ ਸਲਾਹ ਦਿੱਤੀ ਗਈ ਅਤੇ ਸਰਕਾਰ ਤੋ ਇਹ ਝੂਠਾ ਪਰਚਾ ਰੱਦ ਕਰਨ ਦੀ ਮੰਗ ਕਰਦੇ ਹੋਏ, ਇਹ ਪਰਚਾ ਰੱਦ ਕਰਵਾਉਣ ਲਈ ਸਮਾਜਿਕ ਜਥੇਬੰਦੀਆਂ ਵਲੋਂ ਸ਼ੁਰੂ ਕੀਤੇ ਜਾਣ ਵਾਲੇ ਸੰਘਰਸ਼ ਵਿਚ ਖੁੱਲ ਕੇ ਹਿੱਸਾ ਲੈਣ ਦਾ ਐਲਾਨ ਕੀਤਾ | ਮੀਟਿੰਗ ਵਿਚ ਭੂਰਾ ਸਿੰਘ ਸੇਵਕ ਸਿੰਘ ਨੱਥੋਕੇ, ਬਲਰਾਜ ਸਿੰਘ, ਜਗਦੀਪ ਸਿੰਘ ਰਾਜੇਆਣਾ, ਬਲਵਿੰਦਰ ਸਿੰਘ, ਗੁਰਦੀਪ ਸਿੰਘ ਮੱਲਕੇ, ਲਖਬੀਰ ਸਿੰਘ, ਜੰਗੀਰ ਸਿੰਘ, ਭਗਵੰਤ ਸਿੰਘ ਘੋਲੀਆ, ਬਾਬੂ ਸਿੰਘ ਬੁੱਧ ਸਿੰਘ ਸ਼ਿੰਦਰ ਸਿੰਘ, ਵਕੀਲ ਸਿੰਘ ਜੋੜੀਆਰ ਸਿੰਘ ਮਾਣੂੰਕੇ, ਦਲਜੀਤ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ ਬਾਘਾ ਪੁਰਾਣਾ ਸਮੇਤ ਹੋਰ ਕਿਸਾਨ ਵਲੋਂ ਭਾਗ ਲਿਆ ਗਿਆ |