ਕੋਟ ਈਸੇ ਖਾਂ, 22 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਬਦਲਾਅ ਦੇ ਨਾਂਅ 'ਤੇ ਸੂਬੇ ਦੀ ਸੱਤਾ ਸੰਭਾਲਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਪੂਰਤੀ ਤਾਂ ਕੀ ਹੋਣੀ ਸੀ, ਉਲਟਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ, ਮਜ਼ਦੂਰ, ਮੁਲਾਜ਼ਮ, ਨੌਜਵਾਨ ਸਮੇਤ ਹਰ ਵਰਗ ਨਿਰਾਸ਼ਾ ਦੇ ਆਲਮ ਵਿਚ ਹੈ ਤੇ ਦੂਜੇ ਪਾਸੇ ਸੂਬੇ ਅੰਦਰ ਵਾਧੇ ਗੈਂਗਸਟਰ ਵਾਦ ਕਾਰਨ ਲੋਕ ਸਹਿਮ ਭਰਿਆ ਜੀਵਨ ਜਿਉਂ ਰਹੇ ਹਨ | ਇਹ ਪ੍ਰਗਟਾਵਾ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਆੜ੍ਹਤੀ ਗੁਰਭੇਜ ਸਿੰਘ ਕਾਦਰਵਾਲਾ, ਸਾਬਕਾ ਬਲਾਕ ਸੰਮਤੀ ਮੈਂਬਰ ਰਾਜ ਕਾਦਰਵਾਲਾ ਆਦਿ ਆਗੂਆਂ ਨੇ ਪੈੱ੍ਰਸ ਬਿਆਨ ਰਾਹੀਂ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਮੰਗਾਂ ਦੇ ਹੱਲ ਲਈ ਕੰਮ ਕਰਨ ਦੀ ਬਜਾਏ ਆਪ ਸਰਕਾਰ ਦੇ ਆਗੂ ਪਿਛਲੀਆਂ ਸਰਕਾਰਾਂ ਨੂੰ ਕੋਸਣ 'ਤੇ ਲੱਗੇ ਹੋਏ ਹਨ ਜਦ ਕਿ ਉਹ ਭੁੱਲ ਗਏ ਹਨ ਕਿ ਹੁਣ ਚਾਰ ਸਾਲ ਤੋਂ ਉਨ੍ਹਾਂ ਦੀ ਸੂਬੇ ਵਿਚ ਸਰਕਾਰ ਹੈ | ਆਗੂਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੀ ਪਹਿਲਾ ਲੋਕਾਂ 'ਚ ਪ੍ਰਚਾਰਦੇ ਰਹੇ ਕਿ ਜੇ ਕੋਈ ਗਲਤ ਕਰਦਾ ਹੈ ਤਾਂ ਸਰਕਾਰ ਨੂੰ ਸਵਾਲ ਕਰੋ ਤੇ ਹੁਣ ਜਿਹੜੇ ਲੋਕ ਸਵਾਲ ਕਰ ਰਹੇ ਹਨ, ਉਨ੍ਹਾਂ 'ਤੇ ਹੀ ਗਲਤ ਢੰਗ ਨਾਲ ਸਰਕਾਰ ਕਾਰਵਾਈਆਂ ਕਰਵਾ ਰਹੀ ਹੈ | ਆਗੂਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਆਗੂਆਂ 'ਤੇ ਗ਼ਲਤ ਦੂਸ਼ਣ ਬਾਜ਼ੀਆਂ ਲਾ ਕੇ ਮੌਜੂਦਾ ਸਰਕਾਰ ਦੇ ਆਗੂ ਆਲੋਚਨਾ ਤੋਂ ਬਚ ਨਹੀਂ ਸਕਦੇ, ਕਿਉਂਕਿ ਸੂਬੇ ਦੇ ਲੋਕ ਆਪ ਸਰਕਾਰ ਦਾ ਅਸਲੀ ਚਿਹਰਾ ਚੰਗੀ ਤਰ੍ਹਾਂ ਪੜ੍ਹ ਚੁੱਕੇ ਹਨ ਤੇ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਸਬਕ ਸਿਖਾਉਣ ਲਈ ਕਾਹਲੇ ਹਨ |