ਠੱਠੀ ਭਾਈ, 22 ਜਨਵਰੀ (ਜਗਰੂਪ ਸਿੰਘ ਮਠਾੜੂ)-ਪਿੰਡਾਂ ਵਿਚ ਕੱਚੀਆਂ ਅਤੇ ਟਾਈਲ ਬੱਤੇ ਵਾਲੀਆਂ ਛੱਤਾਂ ਵਾਲੇ ਮਕਾਨਾਂ ਨੂੰ ਪੱਕੇ ਮਕਾਨਾਂ ਵਿਚ ਤਬਦੀਲ ਕਰਨ ਲਈ ਸਰਕਾਰ ਵਲੋਂ ਦਿੱਤੀ ਜਾ ਰਹੀ ਸਹਾਇਤਾ ਰਾਸ਼ੀ ਸਬੰਧੀ ਪਾਏ ਜਾ ਰਹੇ ਭਰਮ-ਭੁਲੇਖਿਆਂ ਨੂੰ ਦੂਰ ਕਰਨ ਅਤੇ ਅਸਲ ਲਾਭਪਾਤਰੀਆਂ ਦੀ ਪਛਾਣ ਕਰਨ ਲਈ ਬੀ.ਡੀ.ਪੀ.ਓ. ਦਫ਼ਤਰ ਬਾਘਾ ਪੁਰਾਣਾ ਤੋਂ ਜਾਂਚ ਅਧਿਕਾਰੀ ਪਿੰਡ ਠੱਠੀ ਭਾਈ ਪਹੁੰਚੇ | ਇਸ ਮੌਕੇ ਪਿੰਡ ਦੇ ਸਰਪੰਚ ਐਡਵੋਕੇਟ ਪ੍ਰਦੀਪ ਸਿੰਘ ਕਿੰਗਰਾ ਨੇ ਜਾਂਚ ਅਧਿਕਾਰੀਆਂ ਨਾਲ ਮਿਲ ਕੇ ਸਕੀਮ ਅਧੀਨ ਆਉਣ ਵਾਲੇ ਲਾਭਪਾਤਰੀਆਂ ਨੂੰ ਗੁਮਰਾਹਕੁਨ ਪ੍ਰਚਾਰ ਤੋਂ ਬਚਣ ਦੀ ਅਪੀਲ ਕੀਤੀ | ਸਰਪੰਚ ਐਡਵੋਕੇਟ ਪ੍ਰਦੀਪ ਸਿੰਘ ਕਿੰਗਰਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਕੇਂਦਰ ਸਰਕਾਰ ਦੀ ਸਕੀਮ ਹੈ ਅਤੇ ਇਸ ਅਧੀਨ ਸਹਾਇਤਾ ਰਾਸ਼ੀ ਸਿੱਧੀ ਕੇਂਦਰ ਵਲੋਂ ਹੀ ਲਾਭਪਾਤਰੀ ਨੂੰ ਮਿਲਦੀ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਕੀਮ ਵਿਚ ਨਾ ਤਾਂ ਗ੍ਰਾਮ ਪੰਚਾਇਤ ਅਤੇ ਨਾ ਹੀ ਕੋਈ ਸੱਤਾਧਾਰੀ ਜਾਂ ਵਿਰੋਧੀ ਪਾਰਟੀ ਦਾ ਆਗੂ ਕਿਸੇ ਤਰ੍ਹਾਂ ਦੀ ਦਖ਼ਲ ਅੰਦਾਜ਼ੀ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਆਈ ਲਿਸਟ ਦੇ ਅਨੁਸਾਰ ਜਾਂਚ ਅਧਿਕਾਰੀ ਘਰਾਂ ਦੀ ਜਾਂਚ ਕਰਦੇ ਹੋਏ ਉਨ੍ਹਾਂ ਦੀਆਂ ਤਸਵੀਰਾਂ ਸਰਕਾਰ ਨੂੰ ਭੇਜਦੇ ਹਨ, ਜਿਸ ਦੇ ਆਧਾਰ 'ਤੇ ਹੀ ਸਹਾਇਤਾ ਰਾਸ਼ੀ ਮਨਜ਼ੂਰ ਹੁੰਦੀ ਹੈ | ਇਸ ਲਈ ਕਿਸੇ ਦੇ ਭਰਮ ਵਿਚ ਆਉਣ ਦੀ ਲੋੜ ਨਹੀਂ | ਉਨ੍ਹਾਂ ਇਹ ਵੀ ਦੁਹਰਾਇਆ ਕਿ ਗ੍ਰਾਮ ਪੰਚਾਇਤ ਕਿਸੇ ਵੀ ਅਯੋਗ ਲਾਭਪਾਤਰੀ ਦੀ ਹਾਮੀ ਨਹੀਂ ਭਰੇਗੀ | ਇਸ ਮੌਕੇ ਬਾਘਾ ਪੁਰਾਣਾ ਤੋਂ ਆਏ ਜਾਂਚ ਅਧਿਕਾਰੀ ਨੇ ਵੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕੰਮ ਕੇਵਲ ਆਈ ਹੋਈ ਲਿਸਟ ਮੁਤਾਬਿਕ ਘਰਾਂ ਦੀ ਜਾਂਚ ਕਰਨਾ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੌਣ ਇਸ ਸਕੀਮ ਦਾ ਅਸਲੀ ਹੱਕਦਾਰ ਹੈ ਅਤੇ ਕੌਣ ਨਹੀਂ |