ਬੱਧਨੀ ਕਲਾਂ, 22 ਜਨਵਰੀ (ਸੰਜੀਵ ਕੋਛੜ)-ਲੈਂਡ ਪੂਲਿੰਗ ਨੀਤੀ ਦੇ ਵਿਰੋਧ 'ਚ ਸ਼ਹਿਰ ਵਾਸੀਆਂ ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਦੀ ਭਾਰੀ ਇਕੱਤਰਤਾ ਨਗਰ ਪੰਚਾਇਤ ਬੱਧਨੀ ਕਲਾਂ ਦੇ ਦਫ਼ਤਰ 'ਚ ਅੱਜ ਇਕ ਵਾਰ ਫਿਰ ਤੋਂ ਉਸ ਸਮੇਂ ਹੋਈ, ਜਦੋਂ 22 ਜਨਵਰੀ ਨੂੰ ਸਮੂਹ ਕੌਂਸਲਰਾਂ ਦੀ ਹਾਊਸ ਮੀਟਿੰਗ ਹੋਣੀ ਸੀ ਪਰ ਨਗਰ ਪੰਚਾਇਤ ਦੇ ਪ੍ਰਧਾਨ ਜਗਜੀਤ ਸਿੰਘ ਦੀਸ਼ਾ ਦੀ ਸਿਹਤ ਖ਼ਰਾਬ ਹੋਣ ਕਾਰਨ ਇਹ ਮੀਟਿੰਗ ਇਕ ਵਾਰ ਫਿਰ ਮੁਲਤਵੀ ਹੋ ਗਈ, ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਅਨਾਜ ਦੀ ਸਟੋਰੇਜ ਲਈ ਕਵਰਡ ਗੋਦਾਮ ਬਣਾਉਣ ਲਈ ਜ਼ਮੀਨ 33 ਸਾਲਾਂ ਲਈ 50 ਪੈਸੇ ਪ੍ਰਤੀ ਫੁੱਟ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਤੋਂ ਇਲਾਵਾ ਹੋਰ ਪਾਣੀ ਵਾਲੇ ਪ੍ਰੋਜੈਕਟ ਲਗਾਉਣ ਲਈ ਬੱਧਨੀ ਕਲਾਂ ਪੰਚਾਇਤੀ ਜ਼ਮੀਨ ਪਟੇ 'ਤੇ ਲੈਣ ਦੀ ਮੰਗ ਕੀਤੀ ਗਈ ਹੈ, ਪਰ ਬਹੁਤ ਵੱਡੀ ਗਿਣਤੀ 'ਚ ਇਕੱਤਰ ਹੋਏ ਲੋਕਾਂ ਨੇ ਇਸ ਨੀਤੀ ਦਾ ਡਟਵਾਂ ਵਿਰੋਧ ਕਰਦਿਆਂ ਕਿਹਾ ਕਿ ਬੱਧਨੀ ਕਲਾਂ ਦੀ ਪੰਚਾਇਤੀ ਜ਼ਮੀਨ ਲਈ ਪਾਏ ਗਏ ਸਰਕਾਰੀ ਮਤਿਆਂ ਨੂੰ ਕਿਸੇ ਵੀ ਕੀਮਤ 'ਤੇ ਪਾਸ ਨਹੀਂ ਹੋਣ ਦਿੱਤਾ ਜਾਵੇਗਾ, ਉਨ੍ਹਾਂ ਸਮੂਹ ਕੌਂਸਲਰਾਂ ਨੂੰ ਇਸ ਮਤੇ ਦੇ ਵਿਰੋਧ 'ਚ ਮਤਾ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ 'ਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਉਨ੍ਹਾਂ ਆਉਦੀਂ 27 ਜਨਵਰੀ ਨੂੰ ਇਕ ਵਾਰ ਫਿਰ ਤੋਂ ਸਮੂਹ ਕੌਂਸਲਰਾਂ ਨੂੰ ਮੀਟਿੰਗ ਕਰਕੇ ਇਸ ਮਤੇ ਨੂੰ ਰੱਦ ਕਰਨ ਦੀ ਗੱਲ ਆਖਦਿਆਂ ਕਿਹਾ ਕਿ ਸਰਕਾਰ ਦਾ ਮੁੱਖ ਨਿਸ਼ਾਨਾ ਕਾਰਪੋਰੇਟ ਘਰਾਣਿਆਂ ਨੂੰ ਹੋਰ ਵਧੇਰੇ ਮਜ਼ਬੂਤ ਕਰਨਾ ਹੈ ਅਤੇ ਉਨ੍ਹਾਂ ਦੀ ਨਿਗ੍ਹਾ ਸਿਰਫ਼ ਤੇ ਸਿਰਫ਼ ਕਿਸਾਨਾਂ ਦੀ ਜ਼ਮੀਨ 'ਤੇ ਹੈ | ਬੱਧਨੀ ਕਲਾਂ ਦੀ ਪੰਚਾਇਤੀ ਜ਼ਮੀਨ ਉਨ੍ਹਾਂ ਦੇ ਪੁਰਖਿਆਂ ਵਲੋਂ ਬਣਾਈ ਗਈ ਜ਼ਮੀਨ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਸਰਕਾਰਾਂ ਜਾਂ ਕਾਰਪੋਰੇਟ ਘਰਾਣਿਆਂ ਨੂੰ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ | ਇਸ ਸਮੇਂ ਇਕੱਠ 'ਚ ਹਾਜ਼ਰ ਕੌਂਸਲਰ ਬੀਬੀ ਇੰਦਰਜੀਤ ਕੌਰ ਦੇ ਪਤੀ ਰਵੀਇੰਦਰਜੀਤ ਸਿੰਘ ਰਵੀ ਨੰਬਰਦਾਰ, ਕੌਂਸਲਰ ਬੀਬੀ ਸੁਖਦੀਪ ਕੌਰ ਸਿੱਧੂ ਦੇ ਪਤੀ ਅਮਨਦੀਪ ਸਿੰਘ ਸਿੱਧੂ ਨੰਬਰਦਾਰ, ਕੌਂਸਲਰ ਕੁਲਦੀਪ ਸਿੰਘ ਮਿਆਣਾ, ਕੌਂਸਲਰ ਅੰਗਰੇਜ਼ ਸਿੰਘ ਗ਼ੌਰੀ ਮਾਨ ਅਤੇ ਕੌਂਸਲਰ ਗੁਰਨਾਮ ਸਿੰਘ ਗਾਮਾ ਨੇ ਨਗਰ ਨਿਵਾਸੀਆਂ ਨੂੰ ਉਨ੍ਹਾਂ ਦੇ ਨਾਲ ਚੱਲਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਮਤਾ ਰੱਦ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਕੇਵਲ ਕ੍ਰਿਸ਼ਨ ਸ਼ਰਮਾ, ਭਾਕਿਯੂ ਦੇ ਇਕਾਈ ਪ੍ਰਧਾਨ ਜਗਜੀਤ ਸਿੰਘ, ਸ਼੍ਰੋ. ਅਕਾਲੀ ਦਲ ਦੇ ਸੀ. ਆਗੂ ਪ੍ਰਧਾਨ ਸੁਖਚੈਨ ਸਿੰਘ ਧਾਲੀਵਾਲ, ਕੁਲਵੰਤ ਸਿੰਘ ਸਾਬਕਾ ਪ੍ਰਧਾਨ, ਕਾਮਰੇਡ ਲਾਲ ਸਿੰਘ, ਅਮਨਦੀਪ ਸਿੰਘ ਬੰਟੀ, ਜੁਗਰਾਜ ਸਿੰਘ ਖੋਖਰ, ਸ਼ਿੰਗਾਰਾ ਸਿੰਘ ਗਿੱਲ ਤੋਂ ਇਲਾਵਾ ਵੱਡੀ ਗਿਣਤੀ 'ਚ ਨਗਰ ਨਿਵਾਸੀ ਹਾਜ਼ਰ ਸਨ |