ਮੋਗਾ, 22 ਜਨਵਰੀ (ਗੁਰਤੇਜ ਸਿੰਘ ਬੱਬੀ)-ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਵਲੋਂ ਗੈਂਗਸਟਰਾਂ ਅਤੇ ਹੋਰ ਅਪਰਾਧੀਆਂ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਆਪ੍ਰੇਸ਼ਨ ਪ੍ਰਹਾਰ ਤਹਿਤ ਕਾਰਵਾਈ ਕਰਦਿਆਂ ਬੰਬੀਹਾ ਗਰੁੱਪ ਨਾਲ ਸਬੰਧਿਤ ਤਿੰਨ ਨੌਜਵਾਨ ਨੂੰ 5 ਨਜਾਇਜ਼ ਪਿਸਟਲਾਂ ਸਮੇਤ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ | ਅੱਜ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਅਪ੍ਰੇਸ਼ਨ ਪ੍ਰਹਾਰ ਤਹਿਤ ਐਸ.ਪੀ. (ਡੀ) ਬਾਲ ਕਿ੍ਸ਼ਨ ਸਿੰਗਲਾ, ਡੀ.ਐਸ.ਪੀ. (ਡੀ) ਸੁਖਅੰਮਿ੍ਤ ਸਿੰਘ ਦੀ ਸੁਪਰਵੀਜਨ ਹੇਠ ਸੀ.ਆਈ.ਏ. ਸਟਾਫ਼ ਮੋਗਾ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਬਰਾੜ ਦੀ ਅਗਵਾਈ ਵਿਚ ਤਿੰਨ ਨੌਜਵਾਨਾਂ ਨੂੰ 5 ਪਿਸਟਲਾਂ ਸਮੇਤ ਕਾਬੂ ਕਰ ਲਿਆ ਗਿਆ | ਇਹ ਤਿੰਨੇ ਨੌਜਵਾਨ ਬੰਬੀਹਾ ਗਰੁੱਪ ਨਾਲ ਸੰਬੰਧਿਤ ਹਨ ਅਤੇ ਇਨ੍ਹਾਂ ਨੌਜਵਾਨਾਂ ਦੀ ਪਹਿਚਾਣ ਗੁਰਵਿੰਦਰ ਸਿੰਘ ਜਿਸ 'ਤੇ ਪਹਿਲਾਂ ਇਕ ਐਨ.ਡੀ.ਪੀ.ਐਸ. ਐਕਟ ਦਾ ਮਾਮਲਾ ਦਰਜ ਹੈ ਅਤੇ ਦੂਸਰਾ ਨੌਜਵਾਨ ਏਕਜੋਤ ਸਿੰਘ ਜਿਸ 'ਤੇ ਬਠਿੰਡਾ 'ਚ 307 ਦਾ ਮਾਮਲਾ ਦਰਜ ਹੈ, ਜਦ ਕਿ ਤੀਸਰੇ ਨੌਜਵਾਨ ਦੀ ਪਹਿਚਾਣ ਜਸਪ੍ਰੀਤ ਸਿੰਘ ਵਜੋਂ ਹੋਈ ਤੇ ਉਸ 'ਤੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਚਾਰ ਪਿਸਟਲ 32 ਬੋਰ, 15 ਜਿੰਦਾ ਰੌਂਦ ਅਤੇ ਇਕ ਪਿਸਟਲ ਦੇਸੀ 30 ਬੋਰ ਸਮੇਤ ਰੌਂਦ ਬਰਾਮਦ ਕੀਤੇ ਗਏ ਅਤੇ ਇਹ ਪਿਸਟਲ ਇਨ੍ਹਾਂ ਨੇ ਇਕ ਦੋਸ਼ੀ ਕੋਲੋਂ ਮੁੱਲ ਖ਼ਰੀਦੇ ਸਨ ਤੇ ਅਪ੍ਰੇਸ਼ਨ ਪ੍ਰਹਾਰ ਤਹਿਤ ਉਸ ਨੂੰ ਕਾਬੂ ਕੀਤਾ ਸੀ ਅਤੇ ਜੋ ਇਨਪੁੱਟ ਸਾਹਮਣੇ ਆਈ ਉਸੇ ਅਧਾਰ ਤੇ ਇਨ੍ਹਾਂ ਨੂੰ ਕਾਬੂ ਕਰ ਲਿਆ ਗਿਆ | ਉਨ੍ਹਾਂ ਦੱਸਿਆ ਕਿ ਡੂੰਘਾਈ ਨਾਲ ਪੁੱਛ ਗਿੱਛ ਕਰਨ ਲਈ ਉਕਤ ਤਿੰਨਾਂ ਨੌਜਵਾਨਾਂ ਨੂੰ ਮਾਣਯੋਗ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ | ਇਸ ਮੌਕੇ ਪੈੱ੍ਰਸ ਕਾਨਫ਼ਰੰਸ ਦੌਰਾਨ ਐਸ.ਪੀ. (ਡੀ) ਬਾਲ ਕਿ੍ਸ਼ਨ ਸਿੰਗਲਾ, ਡੀ.ਐਸ.ਪੀ. (ਡੀ) ਸੁਖਅੰਮਿ੍ਤ ਸਿੰਘ ਅਤੇ ਸੀ.ਆਈ.ਏ. ਸਟਾਫ਼ ਮੋਗਾ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਬਰਾੜ ਹਾਜ਼ਰ ਸਨ |