15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਭਾਰਤ ਦਾ ਸਰਕਾਰੀ ਅਨਾਜ ਭੰਡਾਰ 604 ਲੱਖ ਟਨ ਪਾਰ, ਬਫਰ ਮਿਆਰ ਨਾਲੋਂ ਤਿੰਨ ਗੁਣਾ ਵੱਧ

ਅਜੀਤ ਡੈਸਕ 08-05-2026

ਮੂਨਕ, 7 ਮਈ (ਕੇਵਲ ਸਿੰਗਲਾ)-ਦੇਸ਼ ਵਿਚ ਰਿਕਾਰਡ ਪੱਧਰ 'ਤੇ ਪਹੁੰਚੇ ਸਰਕਾਰੀ ਅਨਾਜ ਭੰਡਾਰਾਂ ਦੇ ਦਰਮਿਆਨ ਕੇਂਦਰ ਸਰਕਾਰ ਨੇ ਕਣਕ ਦੀ ਬਰਾਮਦ ਵਧਾਉਣ ਵੱਲ ਕਦਮ ਤੇਜ਼ ਕਰ ਦਿੱਤੇ ਹਨ | ਭਾਰਤੀ ਖਾਦ ਨਿਗਮ (ਐਫ.ਸੀ.ਆਈ.) ਦੇ ਗੋਦਾਮਾਂ ਵਿਚ 1 ਅਪ੍ਰੈਲ 2026 ਤੱਕ ਕੁੱਲ 604.02 ਲੱਖ ਮੀਟਰਿਕ ਟਨ ਕਣਕ ਅਤੇ ਚੌਲ ਦਾ ਸਟਾਕ ਦਰਜ ਕੀਤਾ ਗਿਆ ਹੈ, ਜੋ ਕਿ ਨਿਰਧਾਰਿਤ ਬਫਰ ਮਿਆਰ 210.40 ਲੱਖ ਟਨ ਨਾਲੋਂ ਲਗਭਗ ਤਿੰਨ ਗੁਣਾ ਵੱਧ ਹੈ | ਸਰਕਾਰੀ ਅੰਕੜਿਆਂ ਅਨੁਸਾਰ ਚੌਲ ਦਾ ਸਟਾਕ 386.10 ਲੱਖ ਟਨ ਅਤੇ ਕਣਕ ਦਾ ਸਟਾਕ 217.92 ਲੱਖ ਟਨ ਦਰਜ ਕੀਤਾ ਗਿਆ ਹੈ | ਕਣਕ ਲਈ ਬਫਰ ਮਿਆਰ 74.60 ਲੱਖ ਟਨ ਅਤੇ ਚੌਲ ਲਈ 135.80 ਲੱਖ ਟਨ ਨਿਰਧਾਰਿਤ ਹੈ | ਵੱਡੇ ਭੰਡਾਰਾਂ ਅਤੇ ਨਵੀਂ ਰਬੀ ਫ਼ਸਲ ਦੀ ਆਮਦ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਲਗਭਗ 50 ਲੱਖ ਮੀਟਰਿਕ ਟਨ ਕਣਕ ਬਰਾਮਦ ਕਰਨ ਦੀ ਮਨਜ਼ੂਰੀ ਦਿੱਤੀ ਹੈ | ਪਹਿਲਾਂ 25 ਲੱਖ ਮੀਟਰਿਕ ਟਨ ਕਣਕ ਬਰਾਮਦ ਦੀ ਆਗਿਆ ਦਿੱਤੀ ਗਈ ਸੀ, ਜਿਸ ਤੋਂ ਬਾਅਦ ਹੋਰ 25 ਲੱਖ ਟਨ ਦੀ ਮਨਜ਼ੂਰੀ ਜਾਰੀ ਕੀਤੀ ਗਈ | ਸਰਕਾਰੀ ਤੇ ਵਪਾਰਕ ਸਰੋਤਾਂ ਮੁਤਾਬਕ ਭਾਰਤੀ ਕਣਕ ਦੀ ਮੰਗ ਖ਼ਾਸ ਤੌਰ 'ਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.), ਮੱਧ-ਪੂਰਬ, ਅਫ਼ਰੀਕੀ ਦੇਸ਼ਾਂ ਅਤੇ ਦੱਖਣ-ਪੂਰਬੀ ਏਸ਼ੀਆਈ ਬਾਜ਼ਾਰਾਂ ਵਿਚ ਵਧ ਰਹੀ ਹੈ | ਕੁੱਝ ਖੇਪਾਂ ਸਰਕਾਰ-ਤੋਂ-ਸਰਕਾਰ ਸਮਝੌਤਿਆਂ ਤਹਿਤ ਵੀ ਭੇਜੀਆਂ ਜਾਣਗੀਆਂ ਕੇਂਦਰ ਸਰਕਾਰ ਵੱਲੋਂ ਇਹ ਬਫਰ ਸਟਾਕ ਸਰਕਾਰੀ ਰਾਸ਼ਨ ਪ੍ਰਣਾਲੀ (ਪੀ.ਡੀ.ਐਸ.), ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਤੇ ਹੋਰ ਭਲਾਈ ਸਕੀਮਾਂ ਲਈ ਰੱਖਿਆ ਜਾਂਦਾ ਹੈ | ਵੱਡੇ ਭੰਡਾਰਾਂ ਕਾਰਨ ਦੇਸ਼ ਵਿਚ ਖਾਦ ਸੁਰੱਖਿਆ ਮਜ਼ਬੂਤ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ 2026 ਦੇ ਰਬੀ ਸੀਜ਼ਨ ਲਈ ਕਣਕ ਤੇ ਧਾਨ ਦੀ ਖ਼ਰੀਦ ਦੇਸ਼ ਭਰ ਵਿਚ ਜਾਰੀ ਹੈ | ਸਰਕਾਰੀ ਰਿਪੋਰਟਾਂ ਮੁਤਾਬਕ 334.17 ਲੱਖ ਹੈਕਟੇਅਰ ਵਿਚ ਬੀਜੇ ਗਏ ਕਣਕ ਵਿਚੋਂ ਲਗਭਗ 97 ਫ਼ੀਸਦੀ ਫ਼ਸਲ ਦੀ ਕਟਾਈ ਹੋ ਚੁੱਕੀ ਹੈ | ਦਾਲਾਂ ਦੀ ਕਟਾਈ ਵੀ ਲਗਭਗ ਮੁਕੰਮਲ ਦੱਸੀ ਗਈ ਹੈ | ਧਾਨ ਦੀ ਕਟਾਈ 59.32 ਫ਼ੀਸਦੀ ਤੱਕ ਪਹੁੰਚ ਚੁੱਕੀ ਹੈ, ਜੋ ਮੁੱਖ ਤੌਰ 'ਤੇ ਤਾਮਿਲਨਾਡੂ, ਕੇਰਲ, ਤਿ੍ਪੁਰਾ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਵਿਚ ਜਾਰੀ ਹੈ ਸਰਕਾਰੀ ਅਧਿਕਾਰੀਆਂ ਅਨੁਸਾਰ ਜ਼ਿਆਦਾਤਰ ਰਬੀ ਫ਼ਸਲਾਂ ਦੇ ਥੋਕ ਮਾਰਕੀਟ ਭਾਵ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਤੋਂ ਹੇਠਾਂ ਚੱਲ ਰਹੇ ਹਨ | ਕਣਕ ਦੀ ਥੋਕ ਕੀਮਤ 2,530 ਰੁਪਏ ਪ੍ਰਤੀ ਕਵਿੰਟਲ ਦਰਜ ਕੀਤੀ ਗਈ, ਜੋ ਐਮ.ਐਸ.ਪੀ. 2,585 ਰੁਪਏ ਨਾਲੋਂ 2.13 ਫ਼ੀਸਦੀ ਘੱਟ ਹੈ | ਖੇਤੀ ਮਾਹਿਰਾਂ ਦੇ ਅਨੁਸਾਰ ਕਣਕ ਦੀ ਬਰਾਮਦ ਨਾਲ ਦੇਸ਼ ਦੇ ਅੰਦਰ ਮੰਗ ਵਧੇਗੀ ਅਤੇ ਮੰਡੀ ਭਾਵ ਵਿਚ ਸੁਧਾਰ ਆ ਸਕਦਾ ਹੈ, ਜਿਸ ਨਾਲ ਕਿਸਾਨਾਂ ਨੂੰ ਕੁੱਝ ਰਾਹਤ ਮਿਲ ਸਕਦੀ ਹੈ | ਖ਼ਾਸ ਕਰਕੇ ਪੰਜਾਬ, ਹਰਿਆਣਾ ਅਤੇ ਮੱਧ ਪ੍ਰਦੇਸ਼ ਦੇ ਉਹ ਕਿਸਾਨ ਜਿਨ੍ਹਾਂ ਕੋਲ ਅਜੇ ਵੀ ਕਣਕ ਦਾ ਸਟਾਕ ਮੌਜੂਦ ਹੈ, ਉਨ੍ਹਾਂ ਨੂੰ ਆਉਣ ਵਾਲੇ ਮਹੀਨਿਆਂ ਵਿਚ ਵਧੀਆ ਭਾਅ ਮਿਲਣ ਦੀ ਸੰਭਾਵਨਾ ਹੈ |

ਪਿਛਲੀ ਖ਼ਬਰ ਦੂਜੀ ਐਨ.ਐਸ.ਏ. ਨੂੰ ਚੁਣੌਤੀ ਦੇਣ ਵਾਲੀ ਭਾਈ ਅੰਮਿ੍ਤਪਾਲ ਸਿੰਘ ਦੀ ਪਟੀਸ਼ਨ ਖਾਰਜ <br/> ਅਗਲੀ ਖ਼ਬਰ ਮੋਦੀ ਨੇ ਵੀਅਤਨਾਮ ਦੇ ਰਾਸ਼ਟਰਪਤੀ ਨੂੰ ਦਿੱਤੇ ਕਈ ਖ਼ਾਸ ਤੋਹਫ਼ੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।