ਪਟਿਆਲਾ, 1 ਅਪ੍ਰੈਲ (ਭਗਵਾਨ ਦਾਸ)- ਅੱਜ ਪੂਸਾ ਦਿੱਲੀ ਵਿਖੇ ਆਈ.ਏ.ਆਰ.ਆਈ. ਨੇ 122ਵਾਂ ਸਥਾਪਨਾ ਦਿਵਸ ਮਨਾਇਆ | ਆਈ.ਏ.ਆਰ.ਆਈ. ਵਲੋਂ ਕੀਤੇ ਗਏ ਵਿਸ਼ੇਸ਼ ਸਮਾਰੋਹ ਵਿਚ ਡਾਇਰੈਕਟਰ ਡਾ. ਸੀ. ਐਚ. ਸ਼੍ਰੀਨਿਵਾਸਾ ਰਾਓ ਨੇ ਦੱਸਿਆ ਕਿ ਸੰਸਥਾਨ ਨੇ ਇੰਨਾ ਲੰਮਾ ਸਮਾਂ ਸਫ਼ਲਤਾ ਨਾਲ ਕਿਸਾਨਾਂ ਦੀ ਸੇਵਾ ਤੇ ਖੇਤੀ ਦੇ ਵਿਕਾਸ ਲਈ ਕੰਮ ਕੀਤਾ ਤੇ ਕਿਊ ਐਸ. ਵਿਸ਼ਵ ਯੂਨੀਵਰਸਿਟੀ ਰੈਂਕਿੰਗ 2026 'ਚ ਅੱਵਲ ਸਥਾਨ ਪ੍ਰਾਪਤ ਕਰਕੇ ਵਿਸ਼ਵ ਦੀ ਸਭ ਤੋਂ ਸੁਪਰੀਮ ਯੂਨੀਵਰਸਿਟੀ ਦਾ ਦਰਜਾ ਹਾਸਿਲ ਕੀਤਾ | ਪੰਜਾਬ 'ਚ ਬਾਸਮਤੀ ਦੀ ਕਾਸ਼ਤ ਵਧਾ ਕੇ ਫ਼ਸਲੀ ਵਿਭਿੰਨਤਾ ਲਿਆਂਦੀ | ਆਈ.ਏ.ਆਰ.ਆਈ. ਦੀਆਂ ਬਾਸਮਤੀ ਦੀਆਂ ਕਿਸਮਾਂ 80-90 ਫੀਸਦੀ ਰਕਬੇ ਤੇ ਕਾਸ਼ਤ ਕੀਤੀਆਂ ਜਾਂਦੀਆਂ ਹਨ | ਕਣਕ ਤੇ ਚੌਲਾਂ ਸੰਬੰਧੀ ਕੀਤੇ ਖੋਜ ਉਪਰਾਲਿਆਂ ਵਜੋਂ ਮੁਲਕ ਦੇ ਬਫਰ ਭੰਡਾਰ ਅੱਜ ਭਰੇ ਪਏ ਹਨ | ਪੰਜਾਬ 'ਚ 7 ਲੱਖ ਹੈਕਟੇਅਰ ਦੇ ਕਰੀਬ ਬਾਸਮਤੀ ਦੀ ਕਾਸ਼ਤ ਕੀਤੀ ਜਾਂਦੀ ਹੈ | ਐਕਸਪੋਰਟ 'ਚ ਪੰਜਾਬ ਦਾ 40 ਫੀਸਦੀ ਤੱਕ ਯੋਗਦਾਨ ਰਿਹਾ ਹੈ | ਕਣਕ ਦੇ ਬਫਰ ਸਟਾਕ 23.6 ਮਿਲੀਅਨ ਟਨ ਅਤੇ ਚੌਲਾਂ ਦੇ 36 ਮਿਲੀਅਨ ਟਨ ਹਨ | ਸਮਾਰੋਹ ਦੇ ਮੁੱਖ ਮਹਿਮਾਨ ਦਿੱਲੀ ਦੇ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਸਨ |
ਆਈ.ਏ.ਆਰ.ਆਈ. ਨੇ 122ਵਾਂ ਸਥਾਪਨਾ ਦਿਵਸ ਮਨਾਇਆ <br/>
ਅਜੀਤ ਡੈਸਕ
02-04-2026