ਐੱਸ. ਏ. ਐੱਸ. ਨਗਰ, 1 ਅਪ੍ਰੈਲ (ਕਪਿਲ ਵਧਵਾ)-662 ਕਰੋੜ ਰੁਪਏ ਦੇ ਹਵਾਲਾ ਰਾਸ਼ੀ ਦੇ ਗੰਭੀਰ ਮਾਮਲੇ ਵਿਚ ਨਾਮਜ਼ਦ ਬਿਲਡਰ ਜਰਨੈਲ ਸਿੰਘ ਬਾਜਵਾ ਵਲੋਂ ਦਾਇਰ ਕੀਤੀ ਗਈ ਰੈਗੂਲਰ ਜ਼ਮਾਨਤ ਅਰਜ਼ੀ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਨੇ ਖਾਰਜ ਕਰ ਦਿੱਤਾ ਹੈ | ਇਹ ਮਾਮਲਾ ਡਾਇਰੈਕਟੋਰੇਟ ਆਫ਼ ਇਨਫੋਰਸਮੈਂਟ (ਈ. ਡੀ.) ਵਲੋਂ 31 ਮਾਰਚ 2022 ਨੂੰ ਦਰਜ ਕੀਤੀ ਗਈ ਈ. ਸੀ. ਆਈ. ਆਰ. ਨਾਲ ਸੰਬੰਧਿਤ ਹੈ | ਪਟੀਸ਼ਨਕਰਤਾ ਜਰਨੈਲ ਸਿੰਘ ਬਾਜਵਾ, ਜੋਕਿ ਬਾਜਵਾ ਡਿਵੈਲਪਰਜ਼ ਪ੍ਰਾ. ਲਿ. ਦਾ ਮੈਨੇਜਿੰਗ ਡਾਇਰੈਕਟਰ ਹੈ, ਨੇ ਅਦਾਲਤ ਅੱਗੇ ਦਲੀਲ ਦਿੱਤੀ ਸੀ ਕਿ ਉਸਦੇ ਖ਼ਿਲਾਫ਼ ਦਰਜ ਮਾਮਲਾ ਝੂਠਾ ਤੇ ਬੇਬੁਨਿਆਦ ਹੈ ਤੇ ਇਹ ਸਿਰਫ਼ ਬਿਲਡਰ-ਖ਼ਰੀਦਦਾਰ ਵਿਚਲੇ ਸਿਵਲ ਵਿਵਾਦ ਨੂੰ ਅਪਰਾਧਿਕ ਰੂਪ ਦੇਣ ਦੀ ਕੋਸ਼ਿਸ਼ ਹੈ | ਉਧਰ ਈ. ਡੀ. ਦੇ ਵਿਸ਼ੇਸ਼ ਸਰਕਾਰੀ ਵਕੀਲ ਵਲੋਂ ਜ਼ਮਾਨਤ ਅਰਜ਼ੀ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ | ਅਦਾਲਤ ਨੇ ਦੋਵਾਂ ਪੱਖਾਂ ਦੀਆਂ ਵਿਸਥਾਰਪੂਰਵਕ ਦਲੀਲਾਂ ਸੁਣਨ ਉਪਰੰਤ 37 ਸਫ਼ਿਆਂ ਦੇ ਫ਼ੈਸਲੇ ਵਿਚ ਕਿਹਾ ਕਿ ਦੋਸ਼ਾਂ ਦੀ ਪ੍ਰਕਿਰਤੀ ਦੇ ਮੱਦੇਨਜ਼ਰ ਪਟੀਸ਼ਨਕਰਤਾ ਨੂੰ ਜ਼ਮਾਨਤ ਦੇਣ ਦਾ ਕੋਈ ਆਧਾਰ ਨਹੀਂ ਬਣਦਾ, ਜਿਸ ਤੋਂ ਬਾਅਦ ਤਿੰਨ ਮਹੀਨਿਆਂ ਤੋਂ ਲੰਬਿਤ ਜ਼ਮਾਨਤ ਅਰਜ਼ੀ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ |