ਨਵੀਂ ਦਿੱਲੀ, 29 ਜਨਵਰੀ (ਅ.ਬ.)-ਭਾਰਤਯੂਰਪੀ ਯੂਨੀਅਨ ਮੁਕਤ ਵਪਾਰ ਸਮਝੌਤੇ (ਐਫ.ਟੀ.ਏ.) ਦੇ ਹੋਣ 'ਤੇ ਵਿਸ਼ਵ ਪੱਧਰ 'ਤੇ ਮਜ਼ਬੂਤ ਤੇ ਸਕਾਰਾਤਮਕ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ | ਅੰਤਰਰਾਸ਼ਟਰੀ ਮੀਡੀਆ, ਵਿਦੇਸ਼ੀ ਸਿਆਸੀ ਨੇਤਾਵਾਂ, ਆਲਮੀ ਕਾਰੋਬਾਰੀ ਮੁਖੀਆਂ ਤੇ ਸਤਿਕਾਰਤ ਨੀਤੀ ਮਾਹਰਾਂ ਨੇ ਇਸ ਦਾ ਖੁੱਲ੍ਹ ਕੇ ਸਵਾਗਤ ਕੀਤਾ ਹੈ | ਅੰਤਰਰਾਸ਼ਟਰੀ ਮੀਡੀਆ ਵਿਚ 'ਦ ਟੈਲੀਗ੍ਰਾਫ' ਨੇ ਜੇਮਜ਼ ਕ੍ਰਿਸਪ ਦੇ ਲੇਖ (ਮੋਦੀ ਇਜ਼ ਰੀਅਲ ਵਿਨਰ ਇਨ 'ਮਦਰ ਆਫ ਆਲ ਟ੍ਰੇਡ ਡੀਲਜ਼' ਵਿਦ ਈ.ਯੂ.) 'ਚ ਇਸ ਸਮਝੌਤੇ ਨੂੰ ਸਾਰੇ ਵਪਾਰ ਸਮਝੌਤਿਆਂ ਦੀ ਮਾਂ ਆਖਿਆ ਤੇ ਦਲੀਲ ਦਿੱਤੀ ਕਿ ਭਾਰਤ ਇਸ 'ਚ ਅਸਲ ਰਣਨੀਤਕ ਜੇਤੂ ਵਜੋਂ ਉਭਰਿਆ ਹੈ | ਅਖ਼ਬਾਰ ਨੇ ਦਰਸਾਇਆ ਕਿ ਇਹ ਸਮਝÏਤਾ ਭਾਰਤ 'ਚ ਯੂਰਪੀ ਯੂਨੀਅਨ ਦੇ 96.6% ਨਿਰਯਾਤਾਂ 'ਤੇ ਟੈਰਿਫ਼ ਖ਼ਤਮ ਕਰਦਾ ਹੈ ਜਾਂ ਘਟਾਉਂਦਾ ਹੈ, ਜਦਕਿ ਯੂਰਪੀ ਯੂਨੀਅਨ 7 ਸਾਲਾਂ 'ਚ ਭਾਰਤੀ ਸਮਾਨ 'ਤੇ 99.5% ਟੈਰਿਫ਼ ਘਟਾਏਗਾ | ਇਸ ਤੋਂ ਇਲਾਵਾ ਸਮੁੱਚੇ ਯੂਰਪ ਦੇ ਕਈ ਉੱਚ ਪੱਧਰੀ ਸਿਆਸੀ ਨੇਤਾਵਾਂ ਨੇ ਇਸ ਸਮਝੌਤੇ ਦਾ ਖੁੱਲ੍ਹ ਕੇ ਸਵਾਗਤ ਕੀਤਾ | ਜਰਮਨੀ ਦੇ ਚਾਂਸਲਰ ਫ੍ਰੀਡਰਿਕ ਮਰਜ਼ ਨੇ ਗੱਲਬਾਤ ਦੇ ਮੁਕੰਮਲ ਹੋਣ ਨੂੰ ਬਹੁਤ ਸਕਾਰਾਤਮਕ ਸੰਕੇਤ ਦੱਸਿਆ ਤੇ ਵਿਕਾਸ ਤੇ ਖੁਸ਼ਹਾਲੀ ਵਧਾਉਣ ਲਈ ਤੁਰੰਤ ਲਾਗੂ ਕਰਨ ਦੀ ਅਪੀਲ ਕੀਤੀ | ਫਿਨਲੈਂਡ ਦੇ ਰਾਸ਼ਟਰਪਤੀ ਅਲੈਕਜ਼ੈਂਡਰ ਸਟੱਬ ਨੇ ਇਸ ਨੂੰ ਸਭ ਤੋਂ ਵੱਡਾ ਵਪਾਰ ਸਮਝੌਤਾ ਦੱਸਿਆ ਤੇ ਕਿਹਾ ਕਿ ਇਹ ਆਰਥਿਕ ਤੇ ਸਿਆਸੀ ਸੰਬੰਧਾਂ ਨੂੰ ਕਾਫ਼ੀ ਮਜ਼ਬੂਤ ਕਰੇਗਾ |