ਚੰਡੀਗੜ੍ਹ, 29 ਜਨਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਕਰ ਵਿਭਾਗ ਵਲੋਂ ਅੱਜ ਆਪਣੇ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟਾਂ ਸਾਰੇ ਵਿੰਗਾਂ ਰਾਹੀਂ ਇਕ ਵਿਸ਼ੇਸ਼ ਸੂਬਾ ਪੱਧਰੀ ਇਨਫੋਰਸਮੈਂਟ ਮੁਹਿੰਮ ਚਲਾਈ ਗਈ | ਇਹ ਕਾਰਵਾਈ ਜੀ.ਐਸ.ਟੀ. ਦੀ ਸਖ਼ਤੀ ਨਾਲ ਪਾਲਣਾ ਅਤੇ ਸਰਕਾਰੀ ਮਾਲੀਏ ਦੀ ਸੁਰੱਖਿਆ ਪ੍ਰਤੀ ਵਿਭਾਗ ਦੀ ਦਿ੍ੜ੍ਹ ਵਚਨਬੱਧਤਾ ਨੂੰ ਦਰਸਾਉਂਦੀ ਹੈ | ਜਾਣਕਾਰੀ ਦਿੰਦਿਆਂ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸੂਬੇ ਭਰ ਵਿਚ ਵਿਆਪਕ ਜਾਂਚ ਲਈ 141 ਵਾਹਨਾਂ ਨੂੰ ਜ਼ਬਤ ਕੀਤਾ ਗਿਆ ਹੈ | ਇਨ੍ਹਾਂ ਵਿਚੋਂ ਜ਼ਿਆਦਾਤਰ ਵਾਹਨ ਲੋਹੇ ਅਤੇ ਸਟੀਲ ਵਪਾਰ ਦੇ ਪ੍ਰਮੁੱਖ ਕੇਂਦਰ ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ ਵਿਚ ਰੋਕੇ ਗਏ ਹਨ | ਮੁੱਢਲੀਆਂ ਜਾਂਚਾਂ ਤੋਂ ਪਤਾ ਚੱਲਦਾ ਹੈ ਕਿ ਜ਼ਿਆਦਾਤਰ ਵਾਹਨਾਂ ਵਿਚ ਲੋਹੇ ਅਤੇ ਸਟੀਲ ਦੇ ਸਾਮਾਨ ਦੀ ਢੋਆ-ਢੁਆਈ ਕੀਤਾ ਜਾ ਰਹੀ ਸੀ, ਜਿਨ੍ਹਾਂ 'ਤੇ ਬਿਨਾਂ ਚਲਾਨ ਢੋਆ-ਢੁਆਈ, ਜੀ.ਐਸ.ਟੀ. ਨਿਯਮਾਂ ਦੀ ਦੁਰਵਰਤੋਂ ਅਤੇ ਗ਼ਲਤ ਈ-ਵੇਅ ਬਿੱਲਾਂ ਰਾਹੀਂ ਕਰ ਚੋਰੀ ਦਾ ਸ਼ੱਕ ਹੈ | ਉਨ੍ਹਾਂ ਦੱਸਿਆ ਕਿ ਜਨਵਰੀ ਵਿਚ ਕੀਤੇ ਗਏ ਨਿਰੰਤਰ ਯਤਨਾਂ ਸਦਕਾ ਸੂਬੇ ਭਰ ਵਿਚ 793 ਵਾਹਨਾਂ ਨੂੰ ਜ਼ਬਤ ਕੀਤਾ ਗਿਆ ਹੈ | ਇਨ੍ਹਾਂ ਵਿਚੋਂ 538 ਵਾਹਨਾਂ ਵਿਚ ਲੋਹੇ ਦਾ ਸਕ੍ਰੈਪ ਅਤੇ ਤਿਆਰ ਲੋਹੇ/ਸਟੀਲ ਦਾ ਸਮਾਨ ਸੀ, ਜਦੋਂ ਕਿ ਬਾਕੀਆਂ ਵਿਚ ਹੋਰ ਸਮੱਗਰੀ ਦੀ ਢੋਆ-ਢੁਆਈ ਕੀਤੀ ਜਾ ਰਹੀ ਸੀ | ਇਨ੍ਹਾਂ ਕਾਰਵਾਈਆਂ ਨਾਲ 667 ਮਾਮਲਿਆਂ ਵਿਚ 14.84 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ 28 ਜਨਵਰੀ ਤੱਕ 187 ਹੋਰ ਮਾਮਲੇ ਜਾਂਚ ਅਧੀਨ ਹਨ ਅਤੇ ਹੋਰ ਬਰਾਮਦਗੀ ਹੋਣ ਦੀ ਉਮੀਦ ਹੈ |