ਅੰਮਿ੍ਤਸਰ, 22 ਜਨਵਰੀ (ਜੱਸ)-ਗੁਰੂ ਨਾਨਕ ਦੇਵ 'ਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਕੇਂਦਰੀ ਨੌਜਵਾਨ ਮਾਮਲੇ ਤੇ ਖੇਡ ਮੰਤਰੀ ਮਨਸੁਖ ਮੰਡਾਵੀਆ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਨੂੰ ਯੂਨੀਵਰਸਿਟੀ ਵਿਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ਼ ਪ੍ਰਸਤਾਵ ਪੇਸ਼ ਕੀਤੇ, ਜੋ ਪੰਜਾਬ ਦੇ ਖਿਡਾਰੀਆਂ ਨੂੰ ਨਾ ਸਿਰਫ਼ ਰਾਸ਼ਟਰੀ ਸਗੋਂ ਅੰਤਰ ਰਾਸ਼ਟਰੀ ਪੱਧਰ 'ਤੇ ਚਮਕਣ ਯੋਗ ਬਣਾਉਣ ਦੀ ਮਜ਼ਬੂਤ ਇੱਛਾ ਨੂੰ ਦਰਸਾਉਂਦੇ ਹਨ | ਇਸ ਮੁਲਾਕਾਤ ਦੌਰਾਨ ਉਪ ਕੁਲਪਤੀ ਨਾਲ 'ਵਰਸਿਟੀ ਦੇ ਡਾਇਰੈਕਟਰ ਸਪੋਰਟਸ ਡਾ. ਕੰਵਰ ਮਨਦੀਪ ਸਿੰਘ ਵੀ ਸਨ | ਪ੍ਰੋ. ਕਰਮਜੀਤ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਦੀਆਂ ਮੌਜੂਦਾ ਖੇਡ ਸਹੂਲਤਾਂ ਨੂੰ ਅਤਿ ਆਧੁਨਿਕ ਬਨਾਉਣ, ਨੌਜਵਾਨ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਵਿਸ਼ੇਸ਼ ਸਿਖਲਾਈ ਅਤੇ ਕੋਚਿੰਗ ਪ੍ਰੋਗਰਾਮ ਸ਼ੁਰੂ ਕਰਨ ਤੇ ਵਿਦਿਆਰਥੀ-ਐਥਲੀਟਾਂ ਲਈ ਪੂਰਨ ਸਹਾਇਕ ਪ੍ਰਬੰਧਾਂ ਦੀ ਲੋੜ ਹੈ | ਉਨ੍ਹਾਂ ਜ਼ੋਰ ਦਿੱਤਾ ਕਿ ਗੁਰੂ ਨਾਨਕ ਦੇਵ 'ਵਰਸਿਟੀ ਦੀ ਖੇਡਾਂ ਵਿਚ ਲੰਮੇ ਸਮੇਂ ਤੋਂ ਚੱਲ ਰਹੀ ਸ਼ਾਨਦਾਰ ਵਿਰਾਸਤ ਨੂੰ ਹੋਰ ਉੱਚਾ ਚੁੱਕਣ ਲਈ ਆਧੁਨਿਕ ਬੁਨਿਆਦੀ ਢਾਂਚਾ ਅਤੇ ਲੋੜੀਂਦਾ ਸਹਿਯੋਗ ਜ਼ਰੂਰੀ ਹੈ |
ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਵਲੋਂ ਭਾਰਤ ਦੇ ਖੇਡ ਮੰਤਰੀ ਨਾਲ ਮੁਲਾਕਾਤ <br/>
ਅਜੀਤ ਡੈਸਕ
23-01-2026