• ਨਹੀਂ ਹੋਈ ਇਕ ਵੀ ਅਧਿਕਾਰਕ ਬੈਠਕ • ਮੌਜੂਦਾ ਕਮੇਟੀ ਦਾ ਕਾਰਜਕਾਲ ਅਕਤੂਬਰ 2023 'ਚ ਹੋ ਚੁੱਕਾ ਖ਼ਤਮ
ਅੰਮਿ੍ਤਸਰ, 22 ਜਨਵਰੀ (ਸੁਰਿੰਦਰ ਕੋਛੜ)-ਵਿਸ਼ਵ ਪ੍ਰਸਿੱਧ ਕੌਮੀ ਅਤੇ ਸ਼ਹੀਦੀ ਸਮਾਰਕ ਜਲਿ੍ਹਆਂਵਾਲਾ ਬਾਗ ਦੇ ਰੱਖ-ਰਖਾਅ ਅਤੇ ਸਮੁੱਚੇ ਪ੍ਰਬੰਧਾਂ ਲਈ ਕਾਇਮ ਕੀਤੀ ਗਈ ਜਲਿ੍ਹਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਦੀ ਮੌਜੂਦਾ ਕਮੇਟੀ ਦਾ ਕਾਰਜਕਾਲ 8 ਅਕਤੂਬਰ 2023 ਨੂੰ ਖ਼ਤਮ ਹੋ ਚੁੱਕਾ ਹੈ, ਜਦਕਿ ਇਸ ਕਮੇਟੀ ਦੀ ਅਜੇ ਤੱਕ ਇਕ ਵੀ ਅਧਿਕਾਰਕ ਬੈਠਕ ਨਹੀਂ ਕਰਵਾਈ ਗਈ | ਜ਼ਿਕਰਯੋਗ ਹੈ ਕਿ ਕੇਂਦਰ ਦੀ ਮੌਜੂਦਾ ਸਰਕਾਰ ਤੋਂ ਪਹਿਲਾਂ ਵੀ ਉਕਤ ਟਰੱਸਟ ਦੀ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਦੀ ਅਗਵਾਈ ਹੇਠ ਕਈ ਦਹਾਕਿਆਂ ਤੱਕ ਅਹੁਦੇਦਾਰਾਂ ਅਤੇ ਟਰੱਸਟੀਆਂ ਦੀ ਕੋਈ ਅਧਿਕਾਰਕ ਬੈਠਕ ਨਹੀਂ ਹੋਈ ਸੀ, ਜਿਸ ਕਾਰਨ ਵਿਰਾਸਤੀ ਸਮਾਰਕ ਤੋਂ ਕੌਮੀ ਸਮਾਰਕ 'ਚ ਤਬਦੀਲ ਹੋ ਚੁੱਕੇ ਜਲਿ੍ਹਆਂਵਾਲਾ ਬਾਗ ਨੂੰ ਪਿਛਲੇ ਵਰਿ੍ਹਆਂ ਦੌਰਾਨ ਕਿੰਨੀ ਫੰਡਿੰਗ ਮਿਲੀ ਅਤੇ ਹੋਰ ਵਸੀਲਿਆਂ ਤੋਂ ਕਿੰਨੀ ਆਮਦਨ ਹੋਈ ਜਾਂ ਇਸ ਰਕਮ 'ਚੋਂ ਕਿੰਨੀ ਰਕਮ ਵੱਖ-ਵੱਖ ਕਾਰਜਾਂ 'ਤੇ ਖ਼ਰਚ ਕੀਤੀ ਗਈ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ | ਕੇਂਦਰ ਸਰਕਾਰ ਦੀ ਜਲਿ੍ਹਆਂਵਾਲਾ ਬਾਗ ਸਮਾਰਕ 'ਚ ਕੋਈ ਵਿਸ਼ੇਸ਼ ਦਿਲਚਸਪੀ ਨਾ ਹੋਣ ਕਰਕੇ ਇਸ ਦਾ ਪ੍ਰਬੰਧ ਰੱਬ ਭਰੋਸੇ ਚੱਲ ਰਿਹਾ ਹੈ | ਇਨ੍ਹਾਂ ਕਾਰਨਾਂ ਕਰਕੇ ਹੀ ਟਰੱਸਟ ਵਲੋਂ ਨਿਯੁਕਤ ਸਕੱਤਰ ਮਹੀਨਿਆਂ ਤਕ ਇਥੋਂ ਗ਼ਾਇਬ ਰਹਿੰਦੇ ਹਨ | ਕੇਂਦਰ ਸਰਕਾਰ ਵਲੋਂ ਸੰਸਦ 'ਚ ਜਲਿ੍ਹਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ (ਸੋਧ) ਬਿਲ 2018 ਪਾਸ ਕਰਕੇ ਸੰਨ 1951 ਤੋਂ ਸਮਾਰਕ ਦੀ ਦੇਖ-ਰੇਖ ਅਤੇ ਅਗਵਾਈ ਕਰਨ ਵਾਲੀ ਉਕਤ ਟਰੱਸਟ ਦੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਨੂੰ ਹਟਾ ਕੇ 8 ਅਕਤੂਬਰ, 2018 ਨੂੰ ਟਰੱਸਟ ਦੇ ਕੁਝ ਨਵੇਂ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਸੀ | ਸਥਾਨਕ ਰਾਣੀ ਕਾ ਬਾਗ ਵਿਖੇ ਰਹਿੰਦੇ ਆਰ. ਟੀ. ਆਈ. ਕਾਰਕੁਨ ਨਰੇਸ਼ ਜੌਹਰ ਵਲੋਂ ਇਸ ਬਾਰੇ ਕੇਂਦਰ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਤੋਂ ਮੰਗਵਾਈ ਗਈ ਜਾਣਕਾਰੀ ਅਨੁਸਾਰ ਜਲਿ੍ਹਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਦੀ ਅਗਵਾਈ ਪ੍ਰਧਾਨ ਮੰਤਰੀ ਕਰਦੇ ਹਨ ਅਤੇ ਟਰੱਸਟੀਆਂ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ | ਟਰੱਸਟੀਆਂ ਦੇ ਨਾਂਅ ਸੱਭਿਆਚਾਰਕ ਮੰਤਰਾਲੇ ਵਲੋਂ ਪ੍ਰਸਤਾਵਿਤ ਹਨ ਅਤੇ ਪ੍ਰਧਾਨ ਮੰਤਰੀ ਵਲੋਂ ਮਨਜ਼ੂਰ ਕੀਤੇ ਗਏ ਹਨ | ਉਕਤ ਮੰਤਰਾਲੇ ਦੇ ਡਾਇਰੈਕਟਰ ਰਾਜੀਵ ਕੁਮਾਰ ਵਲੋਂ ਭੇਜੇ ਗਏ ਪੱਤਰ 'ਚ ਉਨ੍ਹਾਂ ਨੇ ਵੀ ਸਵੀਕਾਰ ਕੀਤਾ ਹੈ ਕਿ ਟਰੱਸਟ ਦੀ ਨਵੀਂ ਕਮੇਟੀ ਨਿਯਮਾਂ ਮੁਤਾਬਿਕ 5 ਸਾਲ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਲਗਭਗ ਢਾਈ ਸਾਲ ਪਹਿਲਾਂ ਅਕਤੂਬਰ 2023 'ਚ ਭੰਗ ਹੋ ਚੁਕੀ ਹੈ ਅਤੇ ਇਸ ਦੌਰਾਨ ਟਰੱਸਟ ਦੀ ਕੋਈ ਇਕ ਵੀ ਅਧਿਕਾਰਕ ਬੈਠਕ ਨਹੀਂ ਹੋਈ | ਇਸ ਪੱਤਰ ਮੁਤਾਬਿਕ ਕੇਂਦਰ ਵਲੋਂ ਜਲਿ੍ਹਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ (ਸੋਧ) ਬਿਲ 2018 ਪਾਸ ਕਰਕੇ ਸਾਂਝਾ ਪ੍ਰਗਤੀਸ਼ੀਲ ਗੱਠਜੋੜ (ਯੂ.ਪੀ.ਏ.) ਦੀ ਸਾਬਕਾ ਰਾਜ ਸਭਾ ਮੈਂਬਰ ਅੰਬਿਕਾ ਸੋਨੀ, ਸਾਬਕਾ ਸੰਸਦ ਮੈਂਬਰ ਵਰਿੰਦਰ ਕਟਾਰੀਆ ਅਤੇ ਸਾਬਕਾ ਸੰਸਦ ਮੈਂਬਰ ਹਰਵਿੰਦਰ ਸਿੰਘ ਹੰਸਪਾਲ ਨੂੰ ਉਨ੍ਹਾਂ ਦਾ ਕਾਰਜਕਾਲ ਪੂਰਾ ਹੋਣ ਦੇ ਨਾਂਅ 'ਤੇ ਬਾਹਰ ਦਾ ਰਸਤਾ ਵਿਖਾਉਂਦਿਆਂ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਵੀ ਪ੍ਰਕਾਸ਼ ਸਿੰਘ ਬਾਦਲ ਅਤੇ ਭਾਜਪਾ ਨੇਤਾ ਸ਼ਵੇਤ ਮਲਿਕ ਦੀ ਨਵੇਂ ਟਰੱਸਟੀ ਮੈਂਬਰਾਂ ਵਜੋਂ ਨਿਯੁਕਤੀ ਕੀਤੀ ਗਈ |
ਢਾਈ ਸਾਲ ਪਹਿਲਾਂ ਪੁੱਗ ਚੁੱਕੀ ਜਲਿ੍ਹਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਕਮੇਟੀ ਦੀ ਮਿਆਦ
ਅਜੀਤ ਡੈਸਕ
23-01-2026