ਪਟਿਆਲਾ, 22 ਜਨਵਰੀ (ਭਗਵਾਨ ਦਾਸ)-ਭਾਰਤੀ ਖੇਤੀਬਾੜੀ ਖੋਜ ਸੰਸਥਾ (ਆਈ.ਸੀ.ਏ.ਆਰ.) ਨਵੀਂ ਦਿੱਲੀ ਦੇ ਕਣਕ ਦੇ ਮੁੱਖ ਬਰੀਡਰ ਡਾ. ਰਾਜਵੀਰ ਯਾਦਵ ਅਤੇ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਜਸਵੰਤ ਸਿੰਘ ਅਨੁਸਾਰ ਇਸ ਸਾਲ ਕਣਕ ਦੀ ਰਿਕਾਰਡ ਫ਼ਸਲ ਹੋਣ ਦੀ ਸੰਭਾਵਨਾ ਹੈ | ਪੰਜਾਬ 'ਚ ਭਾਵੇਂ ਰਕਬਾ ਨਹੀਂ ਵਧਿਆ ਪਰ ਉਤਪਾਦਨ 182 ਲੱਖ ਟਨ ਹੋਣ ਦਾ ਅਨੁਮਾਨ ਹੈ | ਗੁੱਲੀ ਡੰਡਾ ਜੋ ਕਈ ਖੇਤਾਂ 'ਚ 40 ਫ਼ੀਸਦੀ ਤੋਂ ਵੱਧ ਉਤਪਾਦਕਤਾ ਪ੍ਰਭਾਵਤ ਕਰਦਾ ਹੈ, ਇਸ ਸਾਲ ਬਹੁਤ ਘੱਟ ਹੋਇਆ ਹੈ | ਇਸ ਲਈ ਵਿਸ਼ਵ ਦੀ 5ਵੀਂ ਵੱਡੀ ਐਗਰੋਕੈਮੀਕਲਜ਼ ਕੰਪਨੀ ਯੂ.ਪੀ.ਐਲ. ਦੇ ਚੇਅਰਮੈਨ ਜੈ ਸ਼ਰਾਫ ਅਨੁਸਾਰ 'ਸਪਰੂਸ', 'ਟੋਟਲ', 'ਸ਼ਗਨ 2111', 'ਝਟਕਾ' ਆਦਿ ਵਰਗੇ ਨਦੀਨ ਨਾਸ਼ਕਾਂ ਦਾ ਵਿਸ਼ੇਸ਼ ਰੋਲ ਹੈ | 'ਦੋਸਤ' ਦਵਾਈ ਨੇ ਚੌੜੇ ਪੱਤਿਆਂ ਵਾਲੇ ਨਦੀਨਾਂ 'ਤੇ ਕਾਬੂ ਪਾਇਆ | ਹੁਣ ਜੋ ਇੱਕਦਮ ਮੌਸਮ ਥੋੜਾ ਜਿਹਾ ਗਰਮ ਹੋ ਰਿਹਾ ਹੈ | ਰਾਤ ਦਿਨ ਦਾ ਤਾਪਮਾਨ 2 ਡਿਗਰੀ ਦੇ ਫਰਕ ਨਾਲ ਘਟ ਵਧ ਰਿਹਾ ਹੈ ਅਤੇ ਨਮੀ 29 ਫ਼ੀਸਦੀ ਹੈ, ਵਧ ਰਹੇ ਤਾਪਮਾਨ ਅਤੇ ਗਰਮੀ ਦੇ ਪ੍ਰਭਾਵ ਨੂੰ ਘਟਾਉਣ ਲਈ ਚੇਅਰਮੈਨ ਜੈ ਸ਼ਰਾਫ ਨੇ ਯੂ.ਪੀ.ਐਲ. ਵਲੋਂ ਵਿਕਸਿਤ ਕੀਤਾ ਗਿਆ 'ਗੈਨੇਕਸਾ' ਪ੍ਰਭਾਵਸ਼ਾਲੀ ਦੱਸਿਆ ਹੈ | ਇਸ ਤੋਂ ਇਲਾਵਾ ਜੈ ਸ਼ਰਾਫ ਨੇ ਕਿਹਾ ਕਿ ਯੂ.ਪੀ.ਐਲ. ਛੇਤੀ ਹੀ ਕਿਸਾਨਾਂ ਨੂੰ ਨਵੇਂ ਉਤਪਾਦ ਦੇਣ ਜਾ ਰਹੀ ਹੈ, ਜਿਸ ਵਿਚ 'ਜੰਗਲੀ ਮੇੇਥੀ' ਨਾਸ਼ਕ ਵੀ ਸ਼ਾਮਿਲ ਹੈ | ਚੇਅਰਮੈਨ ਜੈ ਸ਼ਰਾਫ ਨੇ ਕਿਹਾ ਕਿ ਐਗਰੋਕੈਮੀਕਲਜ਼ ਤੇ ਪੈਸਟੀਸਾਈਡਜ਼ ਭਾਰਤ ਤੋਂ ਵਿਦੇਸ਼ਾਂ ਨੂੰ ਭੇਜੇ ਜਾ ਰਹੇ ਹਨ ਪਰ ਇਨ੍ਹਾਂ ਵਿਚੋਂ ਭਾਰਤ 'ਚ ਬਹੁਤ ਘੱਟ ਵਰਤੇ ਜਾਂਦੇ ਹਨ, ਜਦੋਂਕਿ ਫ਼ਸਲੀ ਘੰਣਤਾ ਵਧ ਰਹੀ ਹੈ ਅਤੇ ਬਿਮਾਰੀਆਂ ਦਾ ਫੈਲਾਅ ਹੋਣ ਕਾਰਨ ਪੈਸਟੀਸਾਈਡਜ਼ ਦੀ ਵਧੇਰੇ ਲੋੜ ਹੈ |
ਕਣਕ ਦੀ ਫ਼ਸਲ ਲਈ ਐਗਰੋਕੈਮੀਕਲਜ਼ ਵੀ ਕਿਸਾਨਾਂ ਨੂੰ ਸਹਾਈ ਹੋ ਰਹੇ-ਜੈ ਸ਼ਰਾਫ਼ <br/>
ਅਜੀਤ ਡੈਸਕ
23-01-2026