ਚੰਡੀਗੜ੍ਹ, 21 ਜਨਵਰੀ (ਸੰਦੀਪ ਕੁਮਾਰ ਮਾਹਨਾ)ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਹੈਲੀਕਾਪਟਰ 'ਤੇ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਵਿਰੁੱਧ ਜਾਂਚ 'ਤੇ ਰੋਕ ਲਗਾ ਦਿੱਤੀ ਹੈ | ਹਾਈ ਕੋਰਟ ਨੇ ਕਾਨੂੰਨ ਦੇ ਵਿਦਿਆਰਥੀਆਂ, ਪੱਤਰਕਾਰਾਂ ਅਤੇ ਮੀਡੀਆ ਪੇਸ਼ੇਵਰਾਂ ਵਿਰੁੱਧ ਅੱਗੇ ਦੀ ਜਾਂਚ 'ਤੇ ਅਗਲੀ ਤਰੀਕ ਤੱਕ ਰੋਕ ਲਗਾ ਦਿੱਤੀ ਹੈ, ਜਿਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਥਿਤ ਤੌਰ 'ਤੇ ਜੁੜੇ ਹੈਲੀਕਾਪਟਰ ਦੀਆਂ ਗਤੀਵਿਧੀਆਂ ਨਾਲ ਸੰਬੰਧਤ ਇਕ ਖ਼ਬਰ ਪ੍ਰਕਾਸ਼ਤ ਕੀਤੀ ਸੀ | ਜਸਟਿਸ ਵਿਨੋਦ ਐਸ. ਭਾਰਦਵਾਜ ਨੇ ਮੁਲਜ਼ਮਾਂ ਵਲੋਂ ਐਫ.ਆਈ.ਆਰ ਰੱਦ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਵੀ ਨੋਟਿਸ ਜਾਰੀ ਕੀਤਾ ਹੈ | ਬੈਂਚ ਨੇ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਤਹਿਤ ਰਿਪੋਰਟ ਕਰਨ ਦਾ ਪੱਤਰਕਾਰੀ ਦਾ ਅਧਿਕਾਰ ਅਕਸਰ ਅਦਾਲਤਾਂ ਦੇ ਸਾਹਮਣੇ ਵਿਚਾਰ ਲਈ ਉਠਾਇਆ ਜਾਂਦਾ ਰਿਹਾ ਹੈ | ਅਕਸਰ, ਜਨਤਕ ਅਹੁਦੇ 'ਤੇ ਬੈਠੇ ਲੋਕਾਂ ਵਲੋਂ ਕੀਤੀ ਗਈ ਆਲੋਚਨਾ ਅਤੇ ਵਿਅੰਗ ਨੂੰ ਘੱਟ ਹੀ ਸਰਾਹਿਆ ਜਾਂਦਾ ਹੈ ਅਤੇ ਕਈ ਵਾਰ ਪ੍ਰਤੀਕਿਰਿਆ ਸਾਈਬਰ ਧੱਕੇਸ਼ਾਹੀ, ਬਦਨਾਮੀ ਜਾਂ ਆਲੋਚਨਾ ਅਤੇ ਨਿੰਦਾ ਨੂੰ ਦਬਾਉਣ ਦੇ ਰੂਪ 'ਚ ਸਾਹਮਣੇ ਆਉਂਦੀ ਹੈ | ਅਦਾਲਤ ਨੇ ਕਿਹਾ ਕਿ ਸਿਰਫ਼ ਇਸ ਲਈ ਕਿ ਕੋਈ ਜਨਤਕ ਅਹੁਦਾ ਸੰਭਾਲਣ ਵਾਲਾ ਵਿਅਕਤੀ ਦੁਖੀ ਮਹਿਸੂਸ ਕਰਦਾ ਹੈ, ਸੂਬੇ ਦੀ ਕਾਰਵਾਈ ਨੂੰ ਮਾਪਣ ਦਾ ਮਾਪਦੰਡ ਨਹੀਂ ਹੋਣਾ ਚਾਹੀਦਾ, ਨਾ ਹੀ ਇਸ ਨੂੰ ਸੂਬਾ ਵਲੋਂ ਪੇਸ਼ ਕੀਤੇ ਜਾਣ ਵਾਲੇ ਦਾਅਵਿਆਂ ਤੋਂ ਪ੍ਰਭਾਵਿਤ ਹੋਣਾ ਚਾਹੀਦਾ ਹੈ | ਮਾਪਦੰਡ ਹਮੇਸ਼ਾ ਸਧਾਰਨ ਸਮਝ ਅਤੇ ਸਿੱਧੇ ਸੰਬੰਧ 'ਤੇ ਆਧਾਰਿਤ ਹੋਣਾ ਚਾਹੀਦਾ ਹੈ |