ਚੰਡੀਗੜ੍ਹ, 21 ਜਨਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਦੇ ਕਾਟੋ-ਕਲੇਸ਼ ਨੂੰ ਲੈ ਕੇ ਕਾਂਗਰਸ ਹਾਈ ਕਮਾਨ ਨੇ 23 ਜਨਵਰੀ ਨੂੰ ਦਿੱਲੀ ਵਿਖੇ ਮੀਟਿੰਗ ਵੀ ਸੱਦੀ ਹੋਈ ਹੈ, ਤਾਂ ਜੋ ਪਾਰਟੀ ਦੀ ਧੜ੍ਹੇਬੰਦੀ ਅਤੇ ਕਲੇਸ਼ ਨੂੰ ਠੱਲ੍ਹ ਪਾਉਣ ਦਾ ਰਸਤਾ ਕੱਢਿਆ ਜਾ ਸਕੇ, ਪਰ ਉਸ ਦੇ ਬਾਵਜੂਦ ਅਜੇ ਪੰਜਾਬ ਕਾਂਗਰਸ ਦਾ ਕਲੇਸ਼ ਰੁਕਦਾ ਨਜ਼ਰ ਨਹੀਂ ਆ ਰਿਹਾ | ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਵਲੋਂ ਦਿੱਤੇ ਬਿਆਨ ਨੂੰ ਲੈ ਕੇ ਅੱਜ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਟਕਸਾਲੀ ਕਾਂਗਰਸੀ ਨੇਤਾ ਸ਼ਮਸ਼ੇਰ ਸਿੰਘ ਦੂਲੋਂ ਨੇ ਚੰਨੀ ਦੇ ਬਿਆਨ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਹ ਬਿਲਕੁਲ ਗ਼ਲਤ ਬਿਆਨਬਾਜ਼ੀ ਹੈ ਕਿ ਕਾਂਗਰਸ ਪੰਜਾਬ ਵਿਚ ਦਲਿਤਾਂ ਨੂੰ ਨਜ਼ਰਅੰਦਾਜ਼ ਕਰਕੇ ਵੱਡੇ ਅਹੁਦਿਆਂ 'ਤੇ ਜੱਟ ਸਿੱਖਾਂ ਨੂੰ ਹੀ ਤਰਜੀਹ ਦੇ ਰਹੀ ਹੈ | ਦੂਲੋ ਨੇ ਕਿਹਾ ਕਿ ਕਾਂਗਰਸ ਨੇ ਇਸ ਦਲਿਤ ਨੇਤਾ ਨੂੰ ਪੰਜਾਬ ਵਿਧਾਨ ਸਭਾ ਦਾ ਵਿਰੋਧੀ ਨੇਤਾ ਬਣਾਇਆ, ਕੈਬਨਿਟ ਮੰਤਰੀ ਬਣਾਇਆ ਅਤੇ ਮੁੱਖ ਮੰਤਰੀ ਦੇ ਅਹੁਦੇ ਨਾਲ ਨਿਵਾਜਿਆ, ਪਰ ਇਸ ਦੇ ਬਾਵਜੂਦ ਚੰਨੀ ਪਾਰਟੀ ਨੂੰ ਆਪਣੀ ਅਜਿਹੀ ਬਿਆਨਬਾਜ਼ੀ ਨਾਲ ਨੁਕਸਾਨ ਪਹੁੰਚਾ ਰਹੇ ਹਨ | ਦੂਲੋ ਨੇ ਕਿਹਾ ਕਿ ਜੇਕਰ ਪਾਰਟੀ ਹਾਈਕਮਾਨ ਚਰਨਜੀਤ ਸਿੰਘ ਚੰਨੀ ਦੇ ਜਾਤੀ ਆਧਾਰਿਤ ਬਿਆਨ ਨੂੰ ਪਾਰਟੀ ਲਈ ਨੁਕਸਾਨਦਾਇਕ ਨਹੀਂ ਮੰਨਦੀ, ਤਾਂ ਇਸ ਦਾ ਅਸਰ ਪਾਰਟੀ ਅਨੁਸ਼ਾਸਨ ਦੇ ਨਾਲ-ਨਾਲ 2027 ਦੀਆਂ ਚੋਣਾਂ 'ਤੇ ਵੀ ਜ਼ਰੂਰ ਪਵੇਗਾ |