ਖੇਤਾਂ ਵਿਚ ਬਿਜਲੀ ਮੋਟਰਾਂ ਦੀਆਂ ਚੋਰੀਆਂ ਕਾਰਨ ਕਿਸਾਨ ਪ੍ਰੇਸ਼ਾਨ
ਸ੍ਰੀ ਮੁਕਤਸਰ ਸਾਹਿਬ, 12 ਸਤੰਬਰ (ਰਣਜੀਤ ਸਿੰਘ ਢਿੱਲੋਂ)-ਇਲਾਕੇ ਦੇ ਖੇਤਾਂ ਵਿਚੋਂ ਬਿਜਲੀ ਦੀਆਂ ਮੋਟਰਾਂ ਤੇ ਟਰਾਂਸਫ਼ਾਰਮਰ ਲਗਾਤਾਰ ਚੋਰੀ ਹੋਣ ਕਾਰਨ ਕਿਸਾਨਾਂ ਵਿਚ ਚਿੰਤਾ ਤੇ ਰੋਸ ਪਾਇਆ ਜਾ ਰਿਹਾ ਹੈ। ਪਿੰਡ ਸੰਗੂਧੌਣ ਤੇ ਬਰਕੰਦੀ ਦੇ ਖੇਤਾਂ ਵਿਚ ਪਿਛਲੇ ਕੁਝ ਸਮੇਂ ਤੋਂ ਮੋਟਰਾਂ ਚੋਰੀ ਹੋਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਦੇ ਨਾਲ-ਨਾਲ ਖੇਤਾਂ ਦੀ ਸਿੰਚਾਈ ਵਿਚ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ੍ਰੀ ਮੁਕਤਸਰ ਸਾਹਿਬ, 12 ਸਤੰਬਰ (ਰਣਜੀਤ ਸਿੰਘ ਢਿੱਲੋਂ)-ਇਲਾਕੇ ਦੇ ਖੇਤਾਂ ਵਿਚੋਂ ਬਿਜਲੀ ਦੀਆਂ ਮੋਟਰਾਂ ਤੇ ਟਰਾਂਸਫ਼ਾਰਮਰ ਲਗਾਤਾਰ ਚੋਰੀ ਹੋਣ ਕਾਰਨ ਕਿਸਾਨਾਂ ਵਿਚ ਚਿੰਤਾ ਤੇ ਰੋਸ ਪਾਇਆ ਜਾ ਰਿਹਾ ਹੈ। ਪਿੰਡ ਸੰਗੂਧੌਣ ਤੇ ਬਰਕੰਦੀ ਦੇ ਖੇਤਾਂ ਵਿਚ ਪਿਛਲੇ ਕੁਝ ਸਮੇਂ ਤੋਂ ਮੋਟਰਾਂ ਚੋਰੀ ਹੋਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਦੇ ਨਾਲ-ਨਾਲ ਖੇਤਾਂ ਦੀ ਸਿੰਚਾਈ ਵਿਚ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੀ ਰਾਤ ਵੀ ਪਿੰਡ ਸੰਗੂਧੌਣ ਵਾਸੀ ਸੁਖਮੰਦਰ ਸਿੰਘ ਪੁੱਤਰ ਨਛੱਤਰ ਸਿੰਘ ਦੀ ਬਰਕੰਦੀ ਦੀ ਹੱਦ ਅੰਦਰ ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਮੁੱਖ ਸੜਕ ’ਤੇ ਬਣੇ ਵੱਡੇ ਗੇਟ ਨੇੜੇ ਖੇਤ ਵਿਚੋਂ ਤਿੰਨ ਹਾਰਸ ਪਾਵਰ ਦੀ ਬਿਜਲੀ ਮੋਟਰ ਚੋਰੀ ਹੋ ਗਈ। ਇਸੇ ਤਰ੍ਹਾਂ ਪਿੰਡ ਬਰਕੰਦੀ ਦੇ ਕਿਸਾਨ ਗੁਰਚਰਨ ਸਿੰਘ ਦੇ ਖੇਤ ਵਿਚੋਂ ਵੀ ਬਿਜਲੀ ਮੋਟਰ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਕਿਸਾਨਾਂ ਅਨੁਸਾਰ ਚੋਰ ਅਕਸਰ ਮੋਟਰਾਂ ਨੂੰ ਖੋਲ੍ਹ ਕੇ ਉਨ੍ਹਾਂ ਵਿਚੋਂ ਤਾਂਬਾ ਕੱਢ ਲੈਂਦੇ ਹਨ ਅਤੇ ਬਾਕੀ ਮੋਟਰ ਉੱਥੇ ਹੀ ਛੱਡ ਜਾਂਦੇ ਹਨ। ਮੋਟਰਾਂ ਦੀ ਚੋਰੀ ਕਾਰਨ ਕਿਸਾਨਾਂ ਨੂੰ ਨਵੀਂ ਮੋਟਰ ਖ਼ਰੀਦਣ ਦਾ ਵਾਧੂ ਖ਼ਰਚਾ ਝੱਲਣਾ ਪੈਂਦਾ ਹੈ ਅਤੇ ਖੇਤਾਂ ਵਿਚ ਸਿੰਚਾਈ ਦਾ ਕੰਮ ਵੀ ਪ੍ਰਭਾਵਿਤ ਹੁੰਦਾ ਹੈ। ਪੀੜਤ ਕਿਸਾਨਾਂ ਵਲੋਂ ਚੋਰੀ ਦੀਆਂ ਘਟਨਾਵਾਂ ਸੰਬੰਧੀ ਪੰਜਾਬ ਪੁਲਿਸ ਦੇ ਧਿਆਨ ਵਿਚ ਮਾਮਲਾ ਲਿਆਂਦਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤਾਂ ਵਿਚ ਵਧ ਰਹੀਆਂ ਚੋਰੀਆਂ ਕਾਰਨ ਉਹ ਰਾਤ ਸਮੇਂ ਆਪਣੇ ਪੱਧਰ ’ਤੇ ਟੀਮਾਂ ਬਣਾ ਕੇ ਖੇਤਾਂ ਦੀ ਰਾਖੀ ਕਰਨ ਲਈ ਮਜ਼ਬੂਰ ਹਨ। ਇਲਾਕੇ ਦੇ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਖੇਤਾਂ ਵਿਚੋਂ ਮੋਟਰਾਂ ਤੇ ਟਰਾਂਸਫ਼ਾਰਮਰ ਚੋਰੀ ਕਰਨ ਵਾਲੇ ਗਿਰੋਹ ਦਾ ਪਤਾ ਲਗਾ ਕੇ ਸਖ਼ਤ ਕਾਰਵਾਈ ਕੀਤੀ ਜਾਵੇ।