ਐਬਟਸਫੋਰਡ, 7 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ’ਚ ਸਮਾਜ ਸੇਵਾ ਦੇ ਖੇਤਰ ਵਿਚ ਯੋਗਦਾਨ ਪਾਉਣ ਵਾਲੀਆਂ ਅਹਿਮ ਸ਼ਖ਼ਸੀਅਤਾਂ ਦੀ ਹੌਸਲਾ ਅਫ਼ਜ਼ਾਈ ਕਰਨ ਵਾਲੀ ਸੰਸਥਾ ‘ਆਊਟਸਟੈਂਡਿੰਗ ਕੈਨੇਡੀਅਨ’ ਵਲੋਂ ਬ੍ਰਿਟਿਸ਼ ਕੋਲੰਬੀਆ ਦੇ 3 ਵਾਰ ਵਿਧਾਇਕ ਰਹੇ 68 ਸਾਲਾ ਸੁਖਦੀਪ ਸਿੰਘ ਹੇਅਰ ਦਾ ਉਨ੍ਹਾਂ ਦੀਆਂ ਜ਼ਿੰਦਗੀ ਭਰ ਦੀਆਂ ਪ੍ਰਾਪਤੀਆਂ ਲਈ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਹੈ।
ਸੁਖਦੀਪ ਸਿੰਘ ਹੇਅਰ ਨੂੰ ਇਹ ਸਨਮਾਨ ਉਨ੍ਹਾਂ ਵਲੋਂ ਕੀਤੀਆਂ ਲੋਕ ਸੇਵਾਵਾਂ ਬਹੁ-ਸੱਭਿਆਚਾਰਕ ਸਾਂਝ ਅਤੇ ਭਾਈਚਾਰੇ ਦੀ ਬਿਹਤਰੀ ਲਈ ਪਾਏ ਯੋਗਦਾਨ ਬਦਲੇ ਦਿੱਤਾ ਗਿਆ ਹੈ। ਜ਼ਿਲ੍ਹਾ ਜਲੰਧਰ ਦੇ ਗੁਰਾਇਆ ਨੇੜਲੇ ਪਿੰਡ ਪੱਦੀ ਜਗੀਰ ਦੇ ਜੰਮਪਲ ਦੇਵ ਹੇਅਰ ਸੰਨ 1978 ਤੋਂ ਛਪਦੇ ਹਫਤਾਵਰੀ ਪੰਜਾਬੀ ਅਖਬਾਰ ‘ਇੰਡੋ-ਕੈਨੇਡੀਅਨ ਟਾਇਮਜ਼’ ਦੇ ਬਾਨੀ ਸੰਪਾਦਕ ਮਰਹੂਮ ਤਾਰਾ ਸਿੰਘ ਹੇਅਰ ਦਾ ਪੁੱਤਰ ਹੈ। ਉਹ 2001 ਵਿਚ ਪਹਿਲੀ ਵਾਰ ਲਿਬਰਲ ਪਾਰਟੀ ਦੀ ਟਿਕਟ ’ਤੇ ਵਿਧਾਇਕ ਚੁਣੇ ਗਏ ਸਨ ਅਤੇ 2005 ਤੋਂ 2013 ਤੱਕ ਬ੍ਰਿਟਿਸ਼ ਕੋਲੰਬੀਆ ਦੇ ਸੰਸਦੀ ਸਕੱਤਰ ਰਹਿ ਚੁੱਕੇ ਹਨ।