13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਜੈਤੋ ਫ਼ਾਇਰਿੰਗ ਮਾਮਲੇ ’ਚ ਦੋ ਮੁਲਜ਼ਮ ਕਾਬੂ 9 ਐਮ.ਐਮ. ਪਿਸਤੌਲ ਤੇ 3 ਜ਼ਿੰਦਾ ਰੌਂਦ ਬਰਾਮਦ

ਜੈਤੋ, 12 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਜੈਤੋ ਦੇ ਅੰਬੇਦਕਰ ਨਗਰ ਵਿਖੇ ਬੀਤੀ 1 ਸਤੰਬਰ ਦੀ ਰਾਤ ਹੋਈ ਫ਼ਾਇਰਿੰਗ ਦੇ ਮਾਮਲੇ ਵਿਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਦੋ ਕਥਿਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ’ਚੋਂ ਵਾਰਦਾਤ ਵਿਚ ਵਰਤਿਆ ਗਿਆ 9 ਐਮ.

ਅਜੀਤ ਡੈਸਕ 13-09-2026
ਜੈਤੋ, 12 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਜੈਤੋ ਦੇ ਅੰਬੇਦਕਰ ਨਗਰ ਵਿਖੇ ਬੀਤੀ 1 ਸਤੰਬਰ ਦੀ ਰਾਤ ਹੋਈ ਫ਼ਾਇਰਿੰਗ ਦੇ ਮਾਮਲੇ ਵਿਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਦੋ ਕਥਿਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ’ਚੋਂ ਵਾਰਦਾਤ ਵਿਚ ਵਰਤਿਆ ਗਿਆ 9 ਐਮ.ਐਮ. ਪਿਸਤੌਲ ਅਤੇ 3 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਸੁਰਿੰਦਰ ਸਿੰਘ ਉਰਫ਼ ਗਗਨੀ ਵਾਸੀ ਅੰਬੇਦਕਰ ਨਗਰ ਜੈਤੋ ਅਤੇ ਸਾਹਿਲ ਉਰਫ਼ ਹੈਪੀ ਵਾਸੀ ਜੈਤੋ ਵਜੋਂ ਹੋਈ ਹੈ। ਇਸ ਸਬੰਧੀ ਡੀ.ਐਸ.ਪੀ. ਜੈਤੋ ਇਕਬਾਲ ਸਿੰਘ ਸੰਧੂ ਨੇ ਥਾਣਾ ਜੈਤੋ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਫ਼ਾਇਰਿੰਗ ਦੀ ਘਟਨਾ ਪਿੱਛੇ ਦੋਵਾਂ ਧਿਰਾਂ ਵਿਚਾਲੇ ਚੱਲ ਰਹੀ ਪੁਰਾਣੀ ਰੰਜਿਸ਼ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ, ਅਸਲਾ ਐਕਟ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਕੁੱਲ 6 ਮੁਕੱਦਮੇ ਦਰਜ ਹਨ। ਪੁਲਿਸ ਅਨੁਸਾਰ 1 ਸਤੰਬਰ ਦੀ ਰਾਤ ਕਰੀਬ 9.30 ਵਜੇ ਅੰਬੇਦਕਰ ਨਗਰ ਜੈਤੋ ਵਿਖੇ ਅਭਿਸ਼ੇਕ ਕੁਮਾਰ ਵਾਸੀ ਸੁਖਚੈਨਪੁਰਾ ਬਸਤੀ ਆਪਣੇ ਦੋਸਤ ਦੀਪਕ ਕੁਮਾਰ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ। ਇਸ ਦੌਰਾਨ ਸੁਰਿੰਦਰ ਸਿੰਘ ਉਰਫ਼ ਗਗਨੀ, ਸਾਹਿਲ ਉਰਫ਼ ਹੈਪੀ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਕਥਿਤ ਤੌਰ ’ਤੇ ਉਸ ਦਾ ਰਸਤਾ ਰੋਕ ਲਿਆ ਅਤੇ ਉਸ ਨਾਲ ਕੁੱਟਮਾਰ ਕੀਤੀ। ਪੁਲਿਸ ਮੁਤਾਬਿਕ ਇਸੇ ਦੌਰਾਨ ਸੁਰਿੰਦਰ ਸਿੰਘ ਉਰਫ਼ ਗਗਨੀ ਨੇ ਪਿਸਤੌਲ ਨਾਲ ਫ਼ਾਇਰ ਕੀਤਾ, ਜਿਸ ਨਾਲ ਅਭਿਸ਼ੇਕ ਕੁਮਾਰ ਜ਼ਖ਼ਮੀ ਹੋ ਗਿਆ। ਡੀ.ਐਸ.ਪੀ. ਨੇ ਦੱਸਿਆ ਕਿ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਸੁਰਿੰਦਰ ਸਿੰਘ ਉਰਫ਼ ਗਗਨੀ ਨੇ ਆਪਣਾ ਗਰੁੱਪ ਬਣਾਇਆ ਹੋਇਆ ਹੈ ਅਤੇ ਉਸ ਦੀ ਅਮਨਾ ਵਾਸੀ ਜੈਤੋ ਨਾਲ ਪੁਰਾਣੀ ਦੁਸ਼ਮਣੀ ਚੱਲ ਰਹੀ ਸੀ। ਪੁਲਿਸ ਅਨੁਸਾਰ ਮੁਲਜ਼ਮਾਂ ਨੂੰ ਸ਼ੱਕ ਸੀ ਕਿ ਅਭਿਸ਼ੇਕ ਕੁਮਾਰ ਅਮਨਾ ਨਾਲ ਮਿਲ ਕੇ ਚੱਲਦਾ ਹੈ, ਜਿਸ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ। ਪੁਲਿਸ ਰਿਕਾਰਡ ਅਨੁਸਾਰ ਸੁਰਿੰਦਰ ਸਿੰਘ ਉਰਫ਼ ਗਗਨੀ ਖ਼ਿਲਾਫ਼ ਥਾਣਾ ਸਿਟੀ ਕੋਟਕਪੂਰਾ, ਜੈਤੋ ਅਤੇ ਸਦਰ ਫਰੀਦਕੋਟ ਸਮੇਤ ਵੱਖ-ਵੱਖ ਥਾਣਿਆਂ ਵਿਚ ਨਸ਼ਾ ਤਸਕਰੀ, ਅਸਲਾ ਐਕਟ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ 5 ਮੁਕੱਦਮੇ ਦਰਜ ਹਨ। ਇਸੇ ਤਰ੍ਹਾਂ ਸਾਹਿਲ ਉਰਫ਼ ਹੈਪੀ ਖ਼ਿਲਾਫ਼ ਥਾਣਾ ਜੈਤੋ ਵਿਚ ਅਸਲਾ ਐਕਟ ਅਤੇ ਹੋਰ ਧਾਰਾਵਾਂ ਤਹਿਤ ਪਹਿਲਾਂ ਇਕ ਮੁਕੱਦਮਾ ਦਰਜ ਹੋਣਾ ਪਾਇਆ ਗਿਆ ਹੈ। ਇਸ ਮਾਮਲੇ ਸਬੰਧੀ ਥਾਣਾ ਜੈਤੋ ਵਿਚ ਮੁਕੱਦਮਾ ਨੰਬਰ 195 ਅਸਲਾ ਐਕਟ ਤਹਿਤ ਦਰਜ ਕੀਤਾ ਗਿਆ ਹੈ । ਇਹ ਕਾਰਵਾਈ ਐਸ.ਐਸ.ਪੀ. ਫ਼ਰੀਦਕੋਟ ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠ ਐਸ.ਪੀ. (ਸਥਾਨਕ) ਜਸਪ੍ਰੀਤ ਸਿੰਘ ਅਤੇ ਡੀ.ਐਸ.ਪੀ. ਜੈਤੋ ਇਕਬਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀ ਗਈ। ਥਾਣਾ ਜੈਤੋ ਦੇ ਮੁੱਖ ਅਫ਼ਸਰ ਇੰਸਪੈਕਟਰ ਨਵਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਸੀ.ਆਈ.ਏ. ਜੈਤੋ ਅਤੇ ਥਾਣਾ ਜੈਤੋ ਦੀ ਪੁਲਿਸ ਨੇ ਸਾਂਝੇ ਤੌਰ ’ਤੇ ਕਾਰਵਾਈ ਨੂੰ ਅੰਜਾਮ ਦਿੱਤਾ। ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਇਸ ਮੌਕੇ ਥਾਣਾ ਮੁਖੀ ਨਵਪ੍ਰੀਤ ਸਿੰਘ ਸੰਧੂ, ਹੌਲਦਾਰ ਗੁਰਮੁੱਖ ਸਿੰਘ, ਮੁਨਸ਼ੀ ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ, ਲਵਪ੍ਰੀਤ ਸ਼ਰਮਾ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਕੇਂਦਰੀ ਜੇਲ੍ਹ ਦੇ ਕੈਦੀ ਪਾਸੋਂ ਨਸ਼ੀਲਾ ਪਾਊਡਰ ਬਰਾਮਦ ਅਗਲੀ ਖ਼ਬਰ ਬੀੜ ਸਿੱਖਾਂ ਵਾਲਾ ’ਚ ਭਾਈ ਜੈਤਾ ਜੀ ਦਾ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।