ਬਰਗਾੜੀ, 1 ਅਪ੍ਰੈਲ (ਲਖਵਿੰਦਰ ਸ਼ਰਮਾ)-ਕੇਂਦਰੀ ਟਰੇਡ ਯੂਨੀਅਨ, ਸੰਯੁਕਤ ਕਿਸਾਨ ਮੋਰਚਾ, ਪੀ.ਐਸ.ਈ.ਬੀ ਇੰਮਪਲਾਈਜ਼ ਜੁਆਇੰਟ ਫੋਰਮ ਪੰਜਾਬ, ਬਿਜਲੀ ਮੁਲਾਜ਼ਮ ਏਕਤਾ ਮੰਚ, ਐਸੋ: ਜੂਨੀਅਰ ਇੰਜਨੀਅਰ, ਗਰਿੱਡ ਇੰਪਲਾਈਜ਼ ਯੂਨੀਅਨ, ਪੈਨਸ਼ਨਰ ਯੂਨੀਅਨ ਏਟਕ, ਫ਼ੈਡਰੇਸ਼ਨ ਪਹਿਲਵਾਨ ਆਦਿ ਜਥੇਬੰਦੀਆਂ ਦੇ ਸੱਦੇ 'ਤੇ ਬਿਜਲੀ ਦਫ਼ਤਰ ਬਰਗਾੜੀ ਵਿਖੇ ਸਮੂਹ ਬਿਜਲੀ ਮੁਲਾਜ਼ਮਾਂ ਵਲੋਂ ਪਾਸ ਕੀਤੇ ਲੇਬਰ ਕੋਡਾਂ ਵਿਰੁੱਧ ਰੋਸ ਮੁਜ਼ਾਹਰਾ ਕਰਦਿਆਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਜੇ ਕੁਮਾਰ, ਅਕਾਸ਼ ਗਰਗ, ਯਾਦਵਿੰਦਰ ਸ਼ਰਮਾ, ਸਰਬਜੀਤ ਭਾਣਾ ਆਦਿ ਨੇ ਕਿਹਾ ਕਿ ਮੋਦੀ ਸਰਕਾਰ ਨੇ 29 ਲੇਬਰ ਕਾਨੂੰਨ ਰੱਦ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਚਾਰ ਲੇਬਰ ਕੋਡਾਂ ਨੂੰ ਪਾਸ ਕਰ ਦਿੱਤਾ ਜਿਨ੍ਹਾਂ ਨੂੰ ਅੱਜ ਇਕ ਅਪ੍ਰੈਲ ਤੋਂ ਲਾਗੂ ਕੀਤਾ ਜਾ ਰਿਹਾ ਹੈ | ਇਨ੍ਹਾਂ ਨਵੇਂ ਕੋਡਾਂ ਤਹਿਤ ਕਾਮਿਆਂ ਤੋਂ 12 ਘੰਟੇ ਕੰਮ ਕਰਵਾਉਣ, ਕਾਮਿਆਂ ਦੀ ਜਥੇਬੰਦਕ ਤਾਕਤ ਖੋਹਣ, ਕੰਪਨੀਆਂ ਨੂੰ ਆਪਣੀਆਂ ਮਨਮਾਨੀਆਂ ਕਰਨ ਦੀ ਖੁੱਲ ਦੇਣ ਲਈ ਅਜਿਹਾ ਕੀਤਾ ਜਾ ਰਿਹਾ ਹੈ | ਜੇਕਰ ਕੇਂਦਰ ਸਰਕਾਰ ਨੇ ਇਹ ਚਾਰ ਕਾਨੂੰਨ ਰੱਦ ਕਰਕੇ ਪਹਿਲਾਂ ਵਾਲੇ 29 ਕਾਨੂੰਨ ਬਹਾਲ ਨਾ ਕੀਤੇ ਤਾਂ ਭਾਰਤ ਦੇ ਕਰੀਬ 40 ਕਰੋੜ ਕਿਰਤੀ ਕਾਮੇ ਤੇਜ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਇਸ ਮੌਕੇ ਸਮੂਹ ਬਿਜਲੀ ਮੁਲਾਜ਼ਮ ਹਾਜ਼ਰ ਸਨ |