ਸ੍ਰੀ ਮੁਕਤਸਰ ਸਾਹਿਬ, 29 ਜਨਵਰੀ (ਹਰਮਹਿੰਦਰ ਪਾਲ)-ਸਹਿਤ ਅਕਾਦਮੀ ਪੁਰਸਕਾਰ ਜੇਤੂ ਸ਼ਾਇਰਾ ਭੁਪਿੰਦਰ ਕੌਰ ਪ੍ਰੀਤ ਦੀ ਅਨੁਵਾਦ ਪੁਸਤਕ 'ਚੋਣਵੀਂ ਸਮਕਾਲੀ ਹਿੰਦੀ ਕਵਿਤਾ' ਨੂੰ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕਰਵਾਈ ਗਈ 37ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਮੌਕੇ ਜਾਰੀ ਕੀਤੀ ਗਈ | ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਸੇਵਕ ਸਿੰਘ ਲੰਬੀ ਨੇ ਦੱਸਿਆ ਕਿ ਇਹ ਕਾਨਫ਼ਰੰਸ 'ਉਚੇਰੀ ਸਿੱਖਿਆ ਵਿਚ ਪੰਜਾਬੀ ਭਾਸ਼ਾ ਦੀ ਮਾਧਿਅਮ ਵਜੋਂ ਵਰਤੋਂ: ਸਮੱਸਿਆਵਾਂ ਅਤੇ ਸਮਾਧਾਨ' ਵਿਸ਼ੇ ਉਪਰ ਕਰਵਾਈ ਗਈ | ਭੁਪਿੰਦਰ ਪ੍ਰੀਤ ਦੀ ਯੂਨੀਵਰਸਿਟੀ ਵਲੋਂ ਇਸ ਪੁਸਤਕ ਦੀ ਅਹਿਮੀਅਤ ਨੂੰ ਸਵੀਕਾਰ ਕਰਦਿਆਂ ਇਸ ਨੂੰ ਛਾਪਿਆ ਗਿਆ ਹੈ, ਜੋ ਕਿ ਵਿਦਿਆਰਥੀ ਲਈ ਬਹੁਤ ਲਾਹੇਵੰਦ ਹੈ | ਇਸ ਦੌਰਾਨ ਭੁਪਿੰਦਰ ਪ੍ਰੀਤ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਪੁਸਤਕ ਵਿਚ ਭਾਰਤ ਦੇ ਕਵੀਆਂ ਵਲੋਂ ਕਰੀਬ ਅੱਧੀ ਸਦੀ 'ਚ ਰਚੀ ਗਈ ਹਿੰਦੀ ਕਵਿਤਾ ਨੂੰ ਪੰਜਾਬੀ ਭਾਸ਼ਾ 'ਚ ਅਨੁਵਾਦ ਕੀਤਾ ਗਿਆ ਹੈ | ਇਹ ਕਾਰਜ ਕਾਫ਼ੀ ਚੁਣੌਤੀ ਭਰਿਆ ਸੀ, ਕਿਉਂਕਿ ਇਸ ਵਾਸਤੇ ਕਵਿਤਾ ਦੇ ਅੰਤਰੀਵ ਭਾਵ ਤੇ ਕਵੀ ਦੇ ਮਨ ਦੀ ਉਡਾਰੀ ਨੂੰ ਪੰਜਾਬੀ ਭਾਸ਼ਾ 'ਚ ਢਾਲਣ ਲਈ ਖ਼ੁਦ ਨੂੰ ਮਨਫ਼ੀ ਕਰਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਇਸ ਪੁਸਤਕ ਵਿਚ ਕਵੀ ਕੇਦਾਰ ਨਾਥ ਸਿੰਘ, ਭਗਵਤ ਰਾਵਤ, ਲੀਲਾਧਰ ਮੰਡਲੋਈ, ਅਰੁਣ ਕਮਲ, ਰਾਜੇਸ਼ ਜੋਸ਼ੀ, ਚੰਦਰਕਾਂਮ ਦੇਵਤਾਲੇ, ਮਦਨ ਕਸ਼ਿਅਪ, ਏਕਾਂਤ ਸ਼ਿਰੀ ਵਾਸਤਵ, ਕੁਮਾਰ ਅੰਬੁਜ, ਪਵਨ ਕਰਨ, ਸੁਰੇਸ਼ ਸੈਨ ਨਿਸ਼ਾਂਤ ਆਪਣੇ ਸਮੇਂ ਦੇ ਸਿਰਮੌਰ ਅਤੇ ਸਾਹਿਤ ਅਕਾਦਮੀ ਜੇਤੂ ਕਵੀ ਹਨ |