30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਕੂੜਾ ਡੰਪ ਅਤੇ ਨਾਲੀਆਂ 'ਚੋਂ ਬਾਹਰ ਵਹਿੰਦੇ ਪਾਣੀ ਤੋਂ ਲੋਕ ਪ੍ਰੇਸ਼ਾਨ

ਅਜੀਤ ਡੈਸਕ 30-01-2026
ਫ਼ਰੀਦਕੋਟ, 29 ਜਨਵਰੀ (ਸਰਬਜੀਤ ਸਿੰਘ)-ਸਥਾਨਕ ਚਹਿਲ ਰੋਡ ਫ਼ਾਟਕ ਤੋਂ ਤਲਵੰਡੀ ਰੋਡ ਨੂੰ ਰੇਲਵੇ ਲਾਈਨਾਂ ਦੇ ਨਾਲ-ਨਾਲ ਜਾਂਦੀ ਸੜਕ 'ਤੇ ਲੱਗੇ ਰਹਿੰਦੇ ਕੂੜਾ ਡੰਪਾਂ ਅਤੇ ਰੂੜੀਆਂ ਦੇ ਢੇਰਾਂ ਤੋਂ ਲੰਘਣ ਟੱਪਣ ਵਾਲੇ ਅਤੇ ਇਸ ਪਾਸੇ ਕਾਲੋਨੀਆਂ ਵਿਚ ਰਹਿੰਦੇ ਵਾਸੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਆਸੇ ਪਾਸੇ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਵਾਰ ਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਧਿਆਨ ਵਿਚ ਲਿਆਉਣ ਤੋਂ ਬਾਅਦ ਵੀ ਇਸ ਗੰਭੀਰ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ | ਇਸ ਕਾਰਨ ਆਸੇ ਪਾਸੇ ਮੁਹੱਲਿਆਂ 'ਚ ਰਹਿੰਦੇ ਲੋਕਾਂ ਵਿਚ ਗੰਭੀਰ ਬਿਮਾਰੀਆਂ ਫ਼ੈਲ ਰਹੀਆਂ ਹਨ | ਇੱਥੋਂ ਦੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਰੇਲਵੇ ਵਿਭਾਗ ਦੀ ਜਗ੍ਹਾ ਹੋਣ ਕਰਕੇ, ਰੇਲਵੇ ਵਾਲੇ ਸਾਰਾ ਕੂੜਾ ਇਕੱਠਾ ਕਰਕੇ ਸੜਕ 'ਤੇ ਕਰ ਦਿੰਦੇ ਹਨ ਅਤੇ ਕੂੜਾ ਸੜਕ 'ਤੇ ਖਿੱਲਰ ਜਾਂਦਾ ਹੈ ਅਤੇ ਨਾਲੀਆਂ 'ਚ ਜਾਣ ਕਾਰਨ ਨਾਲੀਆਂ ਜਾਮ ਹੋ ਜਾਂਦੀਆਂ ਹਨ | ਸਫ਼ਾਈ ਸੇਵਕਾਂ ਦੇ ਨਾ ਆਉਣ ਕਾਰਨ ਨਾਲੀਆਂ ਦਾ ਪਾਣੀ ਸੜਕ 'ਤੇ ਪੈਂਦਾ ਹੈ ਅਤੇ ਇੱਥੇ ਚਿਕੜ ਬਣ ਜਾਂਦਾ ਹੈ | ਜਿਸ ਕਾਰਨ ਇੱਥੋਂ ਦੀ ਲੰਘਣ ਟੱਪਣ ਵਾਲਿਆਂ ਨੂੰ ਵੀ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਦੱਸਣਯੋਗ ਹੈ ਕਿ ਇਸ ਦੇ ਦੂਜੇ ਪਾਸੇ ਇਲਾਕੇ ਦਾ ਬਹੁਤ ਵੱਡਾ ਨਿੱਜੀ ਸਕੂਲ, ਡੈਂਟਲ ਕਾਲਜ ਅਤੇ ਹੋਰ ਵੀ ਵੱਡੇ ਵਿੱਦਿਅਕ ਅਦਾਰੇ ਹਨ | ਜਿਸ ਵਿਚ ਇਲਾਕੇ ਦੇ ਵੱਡੇ ਵੱਡੇ ਅਧਿਕਾਰੀਆਂ ਦੇ ਬੱਚੇ ਪੜ੍ਹਦੇ ਹਨ | ਇਨ੍ਹਾਂ ਕੂੜੇ ਦੇ ਢੇਰਾਂ ਕਾਰਨ ਬੱਚਿਆਂ ਵਿਚ ਵੀ ਬਿਮਾਰੀ ਫ਼ੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ | ਇਸ ਨਾਲ ਬਣੀ ਸੜਕ 'ਤੇ ਲੱਗੀਆਂ ਇੰਟਰਲਾਕ ਟਾਈਲਾਂ ਜਗ੍ਹਾ ਜਗ੍ਹਾ ਤੋਂ ਉਖੜੀਆਂ ਪਈਆਂ ਹਨ ਅਤੇ ਇਨ੍ਹਾਂ ਵਿਚ ਨਾਲੀਆਂ ਦਾ ਪਾਣੀ ਜਾਂ ਬਾਰਿਸ਼ ਪੈਣ ਕਾਰਨ ਪਾਣੀ ਬਹੁਤ ਖੜ੍ਹ ਜਾਂਦਾ ਹੈ | ਹਰ ਸਮੇਂ ਗੰਦੀ ਬਦਬੋ ਫੈਲਦੀ ਰਹਿੰਦੀ ਹੈ ਅਤੇ ਕੂੜਾ ਡੰਪ ਕਾਰਨ ਮੱਛਰ ਅਤੇ ਹੋਰ ਕੀੜੇ ਮਕੌੜੇ ਪੈਦਾ ਹੁੰਦੇ ਹਨ, ਜਿਸ ਕਾਰਨ ਬਿਮਾਰੀਆਂ ਜਿਵੇਂ ਮਲੇਰੀਆ, ਡੇਂਗੂ, ਚਿਕਗੁਣੀਆ ਆਦਿ ਫ਼ੈਲਣ ਦਾ ਡਰ ਬਣਿਆ ਰਹਿੰਦਾ ਹੈ | ਪ੍ਰਦੀਪ ਕੁਮਾਰ ਸ਼ਰਮਾ, ਆਸਾ ਨੰਦ, ਵਾਸਦੇਵ ਪਾਸੀ, ਜਤਿੰਦਰ ਕੁਮਾਰ ਮਿੰਟੂ, ਭੁਪਿੰਦਰ ਕੁਮਾਰ, ਪੰਮਾ ਤੇ ਕਿਸ਼ੋਰੀ ਲਾਲ ਨੇ ਦੱਸਿਆ ਕਿ ਉਨ੍ਹਾਂ ਵਾਲੋਂ ਕਈ ਵਾਰ ਪ੍ਰਸ਼ਾਸਨ ਅਤੇ ਰੇਲਵੇ ਅਧਿਕਾਰੀਆਂ ਨੂੰ ਕੂੜੇ ਦੀ ਇਸ ਸਮੱਸਿਆ ਨੂੰ ਦੂਰ ਕਰਨ ਬਾਰੇ ਸ਼ਿਕਾਇਤ ਦਿੱਤੀ ਹੈ ਅਤੇ ਇੱਥੋਂ ਕੂੜਾ ਡੰਪ ਚੁਕਾਉਣ ਲਈ ਬੇਨਤੀ ਕੀਤੀ ਹੈ ਪ੍ਰੰਤੂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਕੂੜਾ ਦਿਨ ਪ੍ਰਤੀ ਦਿਨ ਵੱਧਦਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਅੰਨਾ ਅਤੇ ਬੋਲਾ ਹੋ ਚੁੱਕਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਇਲਾਕੇ ਦਾ ਵਿਧਾਇਕ ਚਾਰ ਸਾਲ ਵਿਚ ਇਕ ਵਾਰ ਵੀ ਉਨ੍ਹਾਂ ਦੇ ਇਲਾਕੇ ਵਿਚ ਉਨ੍ਹਾਂ ਦੀ ਸਾਰ ਲੈਣ ਲਈ ਆਇਆ, ਜਦੋਂ ਕਿ ਉਨ੍ਹਾਂ ਦਾ ਇਹ ਇਲਾਕਾ ਸਭ ਤੋਂ ਗੰਦਾ ਅਤੇ ਬਦਬੂਦਾਰ ਬਣ ਗਿਆ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਇਸ ਜਗ੍ਹਾ ਤੋਂ ਨਗਰ ਕੌਂਸਲ ਦੁਆਰਾ ਰੋਜ਼ ਦੀ ਰੋਜ਼ ਕੂੜਾ ਚੁੱਕਣ ਦਾ ਇੰਤਜਾਮ ਕੀਤਾ ਜਾਵੇ | ਉਨ੍ਹਾਂ ਮੰਗ ਕੀਤੀ ਕਿ ਕੂੜਾ ਡੰਪ ਚੁਕਵਾ ਕੇ ਇਥੇ ਬੂਟੇ ਲਾਏ ਜਾਣ ਅਤੇ ਇਸ ਜਗ੍ਹਾ ਨੂੰ ਸੁੰਦਰ ਅਤੇ ਹਰਿਆ ਭਰਿਆ ਬਣਾਇਆ ਜਾਵੇ ਤਾਂ ਕਿ ਇਥੋਂ ਲੰਘਣ ਟੱਪਣ ਵਾਲੇ ਖਾਸ ਕਰ ਕੇ ਸਕੂਲੀ ਬੱਚਿਆਂ ਦੇ ਮਨਾਂ 'ਤੇ ਚੰਗਾ ਅਸਰ ਪਵੇ |
ਪਿਛਲੀ ਖ਼ਬਰ 'ਬੇਟੀ ਬਚਾਓ ਬੇਟੀ ਪੜ੍ਹਾਓ' 'ਧੀ ਅਣਮੁੱਲੀ ਦਾਤ' ਦਿਵਸ ਮਨਾਇਆ ਅਗਲੀ ਖ਼ਬਰ ਮਾਡਰਨ ਕੇਂਦਰੀ ਜੇਲ੍ਹ 'ਚੋਂ ਇਕ ਮੋਬਾਈਲ ਫ਼ੋਨ ਅਤੇ ਨਸ਼ੀਲਾ ਪਾਊਡਰ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।