ਫ਼ਰੀਦਕੋਟ, 29 ਜਨਵਰੀ (ਸਰਬਜੀਤ ਸਿੰਘ)-ਫ਼ਰੀਦਕੋਟ ਦੀ ਮਾਡਰਨ ਕੇਂਦਰੀ ਜੇਲ੍ਹ ਦੀਆਂ ਬੈਰਕਾਂ ਦੀ ਜੇਲ੍ਹ ਅਧਿਕਾਰੀਆਂ ਵਲੋਂ ਕੀਤੀ ਗਈ ਅਚਾਨਕ ਤਲਾਸ਼ੀ ਦੌਰਾਨ ਚਾਰ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ | ਸਿਟੀ ਪੁਲਿਸ ਵਲੋਂ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਤਿੰਨ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਪ੍ਰਾਪਤ ਸੂਚਨਾ ਅਨੁਸਾਰ ਕਰਮਜੀਤ ਸਿੰਘ ਭੁੱਲਰ, ਸਹਾਇਕ ਸਪੁਰਡੈਂਟ, ਕੇਂਦਰੀ ਜੇਲ੍ਹ, ਫ਼ਰੀਦਕੋਟ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਜੇਲ੍ਹ ਦੇ ਕਰਮਚਾਰੀਆਂ ਵਲੋਂ ਜੇਲ੍ਹ ਦੇ ਬਲਾਕ 7 ਦੀ ਬੈਰਕ ਨੰਬਰ 7 ਦੀ ਕੀਤੀ ਗਈ ਅਚਾਨਕ ਤਲਾਸ਼ੀ ਦੌਰਾਨ ਚਾਰ ਵੱਖ-ਵੱਖ ਕੰਪਨੀਆਂ ਦੇ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ | ਸਹਾਇਕ ਥਾਣੇਦਾਰ ਗੁਰਪਾਲ ਸਿੰਘ, ਇੰਚਾਰਜ ਜੇਲ੍ਹ ਵਿੰਗ ਨੇ ਦੱਸਿਆ ਕਿ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਹਵਾਲਾਤੀ ਤਰਲੋਕ ਸਿੰਘ ਪੁੱਤਰ ਮਾਛੀ ਸਿੰਘ, ਹਵਾਲਾਤੀ ਗੁਰਦੀਪ ਸਿੰਘ ਉਰਫ਼ ਦੀਪਾ ਪੁੱਤਰ ਕੁਲਵੰਤ ਸਿੰਘ ਅਤੇ ਹਵਾਲਾਤੀ ਵਿਕਰਮ ਸਿੰਘ ਵਿੱਕੀ ਪੁੱਤਰ ਕਾਲੀ ਖ਼ਿਲਾਫ਼ ਜੇਲ੍ਹ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ |