ਫ਼ਰੀਦਕੋਟ, 21 ਜਨਵਰੀ (ਜਸਵੰਤ ਸਿੰਘ ਪੁਰਬਾ)-ਪੰਜਾਬ ਪੁਲਿਸ ਦੇ ਆਪ੍ਰੇਸ਼ਨ ਪ੍ਰਹਾਰ ਤਹਿਤ ਫ਼ਰੀਦਕੋਟ ਰੇਂਜ ਪੁਲਿਸ ਵਲੋਂ ਅਪਰਾਧੀਆਂ ਦੇ ਖ਼ਿਲਾਫ਼ ਵੱਡੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ ਹੈ | ਇਹ ਜਾਣਕਾਰੀ ਦਿੰਦਿਆਂ ਡੀ.ਆਈ.ਜੀ ਨਿਲਾਂਬਰੀ ਜਗਦਲੇ ਨੇ ਦੱਸਿਆ ਕਿ ਫ਼ਰੀਦਕੋਟ ਨੇ ਪੁਲਿਸ ਰੇਂਜ ਅੰਦਰ ਪੈਂਦੇ ਤਿੰਨ ਜ਼ਿਲ੍ਹੇ ਮੁਕਤਸਰ ਸਾਹਿਬ, ਮੋਗਾ ਅਤੇ ਫ਼ਰੀਦਕੋਟ ਵਿਚ 1100 ਤੋਂ ਜ਼ਿਆਦਾ ਪੁਲਿਸ ਮੁਲਾਜ਼ਮਾਂ ਦੇ ਨਾਲ ਮਿਲ ਕੇ 500 ਤੋਂ ਜ਼ਿਆਦਾ ਰੇਡ ਕੀਤੀਆਂ ਗਈਆਂ | ਜਿਸ ਤਹਿਤ ਕਈ ਅਪਰਾਧੀ ਅਤੇ ਕਈ ਮਾਮਲਿਆਂ ਵਿਚ ਭਗੌੜੇ ਅਪਰਾਧੀਆਂ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਨ੍ਹਾਂ ਗਿ੍ਫ਼ਤਾਰੀਆਂ ਦੇ ਦੌਰਾਨ ਦੋ ਵੱਡੀਆਂ ਗਿ੍ਫ਼ਤਾਰੀਆਂ ਜਿਨ੍ਹਾਂ ਵਿਚ ਬੰਬੀਹਾ ਗੈਂਗ ਨਾਲ ਜੁੜੇ ਏ ਕੈਟਾਗਰੀ ਦੇ ਗੈਂਗਸਟਰ ਅੰਮਿ੍ਤਪਾਲ ਸਿੰਘ ਅਤੇ ਜੈਪਾਲ ਭੁੱਲਰ ਗੈਂਗ ਨਾਲ ਸਬੰਧਿਤ ਬੀ ਕੈਟਾਗਰੀ ਦੇ ਗੈਂਗਸਟਰ ਹਰਪ੍ਰੀਤ ਸਿੰਘ ਨੂੰ ਗਿ੍ਫ਼ਤਾਰ ਕੀਤਾ | ਉਨ੍ਹਾਂ ਦੱਸਿਆ ਕਿ ਇਨ੍ਹਾਂ ਗਿ੍ਫ਼ਤਾਰੀਆਂ ਦੇ ਦੌਰਾਨ ਨਾਜ਼ਾਇਜ ਸ਼ਰਾਬ, ਮੈਡੀਕਲ ਨਸ਼ਾ, ਹੈਰੋਇਨ ਅਤੇ ਗੈਰ ਕਾਨੂੰਨੀ ਅਸਲਾ ਵੀ ਬਰਾਮਦ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦੇ ਆਪ੍ਰੇਸ਼ਨ ਪ੍ਰਹਾਰ ਜਿਸ ਵਿਚ ਪੰਜਾਬ ਨੂੰ ਗੈਂਗਸਟਰਵਾਦ ਤੋਂ ਮੁਕਤ ਕਰਨਾ ਹੈ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਰਸਤੇ 'ਤੇ ਚੱਲ ਕੇ ਉਨ੍ਹਾਂ ਨੂੰ ਅਖੀਰ ਜਾਂ ਤਾਂ ਮੌਤ ਦਾ ਸਾਹਮਣਾ ਪੈਣਾ ਕਰਨਾ ਪਵੇਗਾ ਜਾਂ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਜਾਣਾ ਪਵੇਗਾ ਅਤੇ ਜੇਕਰ ਉਹ ਇਸ ਅਪਰਾਧ ਦੀ ਦੁਨੀਆ ਨੂੰ ਛੱਡ ਕੇ ਮੁੱਖ ਧਾਰਾ ਵਿਚ ਸ਼ਾਮਿਲ ਹੁੰਦੇ ਹਨ ਤਾਂ ਪੁਲਿਸ ਵੀ ਉਨ੍ਹਾਂ ਨਾਲ ਨਰਮੀ ਵਾਲਾ ਰਵੱਈਆ ਅਪਣਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦਾ ਅਗਲਾ ਨਿਸ਼ਾਨਾ ਫ਼ਰਜੀ ਟਰੈਵਲ ਏਜੰਟ ਰਹਿਣ ਵਾਲੇ ਹਨ ਜਿਨ੍ਹਾਂ ਵਲੋਂ ਭੋਲੇ ਭਾਲੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਮਾਨਵ ਤਸਕਰੀ ਦੇ ਕਈ ਮਾਮਲੇ ਸਾਹਮਣੇ ਆਏ ਹਨ ਇਸ ਦੇ ਚੱਲਦੇ ਫਰਜ਼ੀ ਟਰੈਵਲ ਏਜੈਂਟਾਂ ਦੇ ਖਿਲਾਫ਼ ਵੀ ਵੱਡੀ ਕਾਰਵਾਈ ਅੰਜਾਮ ਵਿਚ ਲਿਆਂਦੀ ਜਾਵੇਗੀ |