ਫ਼ਰੀਦਕੋਟ, 21 ਜਨਵਰੀ (ਜਸਵੰਤ ਸਿੰਘ ਪੁਰਬਾ)-ਪੰਜਾਬ ਪੁਲਿਸ ਵਲੋਂ ਪੰਜਾਬ ਅੰਦਰ ਗੈਂਗਸਟਰਾਂ ਦਾ ਸਫ਼ਾਇਆ ਕਰਨ ਲਈ ਵਿੱਢੇ ਅਪ੍ਰੇਸ਼ਨ ਪ੍ਰਹਾਰ ਤਹਿਤ ਲਗਾਤਾਰ ਪੁਲਿਸ ਦੀ ਕਾਰਵਾਈ ਜਾਰੀ ਹੈ | ਇਸੇ ਅਪ੍ਰੇਸ਼ਨ ਦੇ ਮੱਦੇਨਜ਼ਰ ਫ਼ਰੀਦਕੋਟ ਪੁਲਿਸ ਨੇ 36 ਘੰਟਿਆਂ ਅੰਦਰ ਹੀ 151 ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਪੰਜਾਬ ਨੂੰ ਗੈਂਗਸਟਰਵਾਦ ਤੋਂ ਮੁਕਤ ਕਰਵਾਉਣ ਲਈ ਇਹ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ | ਜਿਸ ਦੇ ਚੱਲਦੇ ਜ਼ਿਲ੍ਹਾ ਫ਼ਰੀਦਕੋਟ ਅੰਦਰ ਕਰੀਬ 450 ਮੁਲਾਜ਼ਮਾਂ ਨਾਲ ਮਿਲ ਕੇ 64 ਟੀਮਾਂ ਤਿਆਰ ਕੀਤੀਆਂ ਗਈਆਂ, ਜਿਨ੍ਹਾਂ ਦੀ ਗਜ਼ਟਿਡ ਅਫ਼ਸਰ ਅਗਵਾਈ ਕਰ ਰਹੇ ਹਨ ਅਤੇ ਇਨ੍ਹਾਂ ਟੀਮਾਂ ਵਲੋਂ ਲਗਾਤਾਰ ਛਾਪੇਮਾਰੀ ਕਰਦੇ ਹੋਏ ਫ਼ਰੀਦਕੋਟ ਜ਼ਿਲ੍ਹੇ ਅੰਦਰ 151 ਉਨ੍ਹਾਂ ਅਪਰਾਧੀਆਂ ਨੂੰ ਗਿ੍ਫ਼ਤਾਰ ਕੀਤਾ, ਜਿਨ੍ਹਾਂ ਦੇ ਖਿਲਾਫ਼ ਕਈ ਧਰਾਵਾਂ ਤਹਿਤ ਦਰਜਨਾਂ ਮਾਮਲੇ ਦਰਜ ਸਨ ਅਤੇ ਇਨ੍ਹਾਂ ਦੇ ਖਿਲਾਫ਼ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਦੇ ਇਸ਼ਾਰਿਆਂ 'ਤੇ ਜ਼ਿਲ੍ਹੇ ਅੰਦਰ ਕ੍ਰਾਈਮ ਕਰਨ ਅਤੇ ਫ਼ਿਰੌਤੀਆਂ ਮੰਗਣ ਦੇ ਦੋਸ਼ ਹਨ | ਐਸ.ਐਸ.ਪੀ. ਨੇ ਦੱਸਿਆ ਕਿ ਫ਼ੜੇ ਗਏ ਮੁਲਜ਼ਮਾਂ ਵਿਚੋਂ 45 ਦੇ ਖ਼ਿਲਾਫ਼ ਪਹਿਲਾਂ ਤੋਂ ਹੀ ਵੱਖ-ਵੱਖ ਧਰਾਵਾਂ ਤਹਿਤ ਕਈ ਮਾਮਲੇ ਦਰਜ ਸਨ ਜੋ ਪੁਲਿਸ ਨੂੰ ਲੋੜੀਂਦੇ ਸਨ ਅਤੇ 14 ਅਜਿਹੇ ਮੁਲਜ਼ਮ ਹਨ ਜਿਨਾਂ ਦੇ ਖ਼ਿਲਾਫ਼ ਸੰਗੀਨ ਧਰਾਵਾਂ ਦੇ ਤਹਿਤ ਜਿਨਾਂ ਵਿਚ ਕਤਲ ਫ਼ਿਰੋਤੀਆਂ ਮੰਗਣ ਅਤੇ ਕੁੱਟਮਾਰ ਕਰਨ ਦੇ ਇਲਜ਼ਾਮਾਂ ਤਹਿਤ ਮਾਮਲੇ ਦਰਜ ਹਨ | ਉਨ੍ਹਾਂ ਦੱਸਿਆ ਕਿ 9 ਨਵੇਂ ਮਾਮਲੇ ਦਰਜ ਕਰਕੇ ਕੁਝ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ, ਜਿਹੜੇ ਕਿ ਆਰਗੇਨਾਈਜਡ ਕ੍ਰਾਈਮ ਕਰ ਰਹੇ ਸਨ ਅਤੇ ਜ਼ਮਾਨਤ 'ਤੇ ਆਉਣ ਤੋਂ ਬਾਅਦ ਮੁੜ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਸਨ | ਉਨ੍ਹਾਂ ਦੱਸਿਆ ਕਿ ਜਿਹੜੇ ਵੀ ਵਿਅਕਤੀ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਨੂੰ ਕਿਸੇ ਕਿਸਮ ਦੀ ਕੋਈ ਜਾਣਕਾਰੀ ਮੁਹੱਈਆ ਕਰਵਾ ਰਹੇ ਸਨ ਅਤੇ ਉਸ ਜਾਣਕਾਰੀ ਦੇ ਆਧਾਰ 'ਤੇ ਜੇਕਰ ਕੋਈ ਕਰਾਈਮ ਹੁੰਦਾ ਤਾਂ ਉਸ ਜੁਰਮ ਵਿਚ ਉਨ੍ਹਾਂ ਦਾ ਨਾਮ ਵੀ ਸ਼ਾਮਿਲ ਕਰਕੇ ਗਿ੍ਫ਼ਤਾਰ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਹੁਣ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਦੇ ਖਿਲਾਫ਼ ਵੀ ਪੁਲਿਸ ਵਲੋਂ ਲੁੱਕ ਆਊਟ ਨੋਟਿਸ ਅਤੇ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਏ ਜਾ ਰਹੇ ਹਨ ਜਿਨ੍ਹਾਂ ਨੂੰ ਵੀ ਜਲਦ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ |