ਜ਼ਿਲ੍ਹਾ ਪੁਲਿਸ ਮੁਖੀ ਵਲੋਂ ਰਾਤ ਸਮੇਂ ਨਾਕਿਆਂ ਦੀ ਵਿਸ਼ੇਸ਼ ਚੈਕਿੰਗ
ਸ੍ਰੀ ਮੁਕਤਸਰ ਸਾਹਿਬ, 11 ਅਗਸਤ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਆਜ਼ਾਦੀ ਦਿਵਸ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ, ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਕਿਸੇ ਵੀ ਸ਼ਰਾਰਤੀ ਜਾਂ ਸਮਾਜ ਵਿਰੋਧੀ ਅਨਸਰ ਦੀ ਗਤੀਵਿਧੀ ਨੂੰ ਨਾਕਾਮ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਵਿਸ਼ੇਸ਼ ਨਾਈਟ ਡੋਮੀਨੇਸ਼ਨ ਮੁਹਿੰਮ ਚਲਾਈ ਗਈ। ਇਸ ਵਿਸ਼ੇਸ਼ ਮੁਹਿੰਮ ਦੀ ਅਗਵਾਈ ਐੱਸ.
ਸ੍ਰੀ ਮੁਕਤਸਰ ਸਾਹਿਬ, 11 ਅਗਸਤ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਆਜ਼ਾਦੀ ਦਿਵਸ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ, ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਕਿਸੇ ਵੀ ਸ਼ਰਾਰਤੀ ਜਾਂ ਸਮਾਜ ਵਿਰੋਧੀ ਅਨਸਰ ਦੀ ਗਤੀਵਿਧੀ ਨੂੰ ਨਾਕਾਮ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਵਿਸ਼ੇਸ਼ ਨਾਈਟ ਡੋਮੀਨੇਸ਼ਨ ਮੁਹਿੰਮ ਚਲਾਈ ਗਈ। ਇਸ ਵਿਸ਼ੇਸ਼ ਮੁਹਿੰਮ ਦੀ ਅਗਵਾਈ ਐੱਸ.ਐੱਸ.ਪੀ. ਅਭਿਮਨਿਊ ਰਾਣਾ ਵਲੋਂ ਖ਼ੁਦ ਕੀਤੀ ਗਈ। ਐੱਸ.ਐੱਸ.ਪੀ. ਵਲੋਂ ਪੂਰੀ ਰਾਤ ਮੈਦਾਨ ਵਿਚ ਰਹਿ ਕੇ ਵੱਖ-ਵੱਖ ਥਾਵਾਂ ’ਤੇ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਤੇ ਚੈਕਿੰਗ ਮੁਹਿੰਮ ਦਾ ਜਾਇਜ਼ਾ ਲਿਆ। ਐੱਸ.ਐੱਸ . ਪੀ. ਵਲੋਂ ਰਾਤ ਸਮੇਂ ਜ਼ਿਲ੍ਹੇ ਦੇ ਵੱਖ-ਵੱਖ ਪੁਲਿਸ ਥਾਣਿਆਂ, ਪੁਲਿਸ ਚੌਂਕੀਆਂ, ਨਾਕਿਆਂ, ਮੁੱਖ ਰੂਟਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨ ਤੇ ਹੋਰ ਸੰਵੇਦਨਸ਼ੀਲ ਸਥਾਨਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਵਲੋਂ ਨਾਕਿਆਂ ’ਤੇ ਤਾਇਨਾਤ ਪੁਲਿਸ ਟੀਮਾਂ ਦੀ ਚੈਕਿੰਗ ਕਰਕੇ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਰਾਤ ਦੀ ਡਿਊਟੀ ’ਤੇ ਤਾਇਨਾਤ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਪੂਰੀ ਮੁਸਤੈਦੀ ਨਾਲ ਡਿਊਟੀ ਨਿਭਾਉਣ ਅਤੇ ਹਰ ਸ਼ੱਕੀ ਗਤੀਵਿਧੀ ’ਤੇ ਨਜ਼ਰ ਰੱਖਣ ਲਈ ਹਦਾਇਤਾਂ ਦਿੱਤੀਆਂ ਗਈਆਂ। ਐੱਸ.ਐੱਸ.ਪੀ. ਵਲੋਂ ਵੱਖ-ਵੱਖ ਥਾਣਿਆਂ ਵਿਚ ਪਹੁੰਚ ਕੇ ਰਾਤ ਦੀ ਡਿਊਟੀ ਸੰਬੰਧੀ ਰਿਕਾਰਡ ਤੇ ਪੁਲਿਸ ਦੀ ਤਾਇਨਾਤੀ ਦਾ ਵੀ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ 15 ਅਗਸਤ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਹਰ ਸੰਵੇਦਨਸ਼ੀਲ ਸਥਾਨ ’ਤੇ ਪੁਲਿਸ ਪੂਰੀ ਚੌਕਸੀ ਨਾਲ ਤਾਇਨਾਤ ਰਹੇ। ਨਾਈਟ ਡੋਮੀਨੇਸ਼ਨ ਮੁਹਿੰਮ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਮੁੱਖ ਰੂਟਾਂ, ਚੌਂਕਾਂ, ਕਾਲੋਨੀਆਂ, ਬਾਜ਼ਾਰਾਂ ਅਤੇ ਵਧੇਰੇ ਆਵਾਜਾਈ ਵਾਲੇ ਸਥਾਨਾਂ ’ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਪੁਲਿਸ ਟੀਮਾਂ ਵਲੋਂ ਆਉਣ-ਜਾਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਸ਼ੱਕੀ ਵਾਹਨਾਂ ਦੇ ਕਾਗ਼ਜ਼ਾਤ, ਡਰਾਈਵਿੰਗ ਲਾਇਸੈਂਸ, ਨੰਬਰ ਪਲੇਟ ਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਅੰਤਰ ਜ਼ਿਲ੍ਹਾ ਅਤੇ ਅੰਤਰ-ਰਾਜੀ ਰੂਟਾਂ ’ਤੇ ਵੀ ਵਿਸ਼ੇਸ਼ ਨਿਗਰਾਨੀ ਰੱਖੀ ਗਈ ਤਾਂ ਜੋ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਵਾਹਨ ਦੀ ਆਵਾਜਾਈ ਨੂੰ ਤੁਰੰਤ ਪਛਾਣਿਆ ਜਾ ਸਕੇ। ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਰਾਤ ਸਮੇਂ ਬੱਸ ਅੱਡਿਆਂ ਦੀ ਵੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਬੱਸ ਅੱਡਿਆਂ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਲਾਵਾਰਸ ਜਾਂ ਸ਼ੱਕੀ ਹਾਲਤ ਵਿਚ ਖੜ੍ਹੇ ਵਾਹਨਾਂ ਦੀ ਜਾਂਚ ਕੀਤੀ ਗਈ। 15 ਅਗਸਤ ਦੇ ਮੱਦੇਨਜ਼ਰ ਰੇਲਵੇ ਸਟੇਸ਼ਨਾਂ ’ਤੇ ਵੀ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ। ਨਾਈਟ ਡੋਮੀਨੇਸ਼ਨ ਦੌਰਾਨ ਪੀ.ਸੀ.ਆਰ. ਮੋਟਰਸਾਈਕਲ ਟੀਮਾਂ ਵਲੋਂ ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚ ਲਗਾਤਾਰ ਗਸ਼ਤ ਕੀਤੀ ਗਈ। ਪੁਲਿਸ ਵਲੋਂ ਰਿਹਾਇਸ਼ੀ ਇਲਾਕਿਆਂ, ਗਲੀ-ਮੁਹੱਲਿਆਂ, ਬਾਜ਼ਾਰਾਂ, ਪਾਰਕਾਂ, ਰਿਜ਼ੋਰਟਾਂ, ਮੁੱਖ ਰੂਟਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਗਈ। ਇਸ ਵਿਸ਼ੇਸ਼ ਨਾਈਟ ਡੋਮੀਨੇਸ਼ਨ ਮੁਹਿੰਮ ਵਿਚ 300 ਤੋਂ ਵੱਧ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਭਾਗ ਲਿਆ। ਨਾਕਾਬੰਦੀ ਟੀਮਾਂ, ਪੀ.ਸੀ.ਆਰ. ਟੀਮਾਂ, ਗਸ਼ਤੀ ਪਾਰਟੀਆਂ, ਐਮਰਜੈਂਸੀ ਰਿਸਪਾਂਸ ਵਾਹਨ, ਥਾਣਾ ਪੁਲਿਸ ਅਤੇ ਹੋਰ ਵਿਸ਼ੇਸ਼ ਪੁਲਿਸ ਟੀਮਾਂ ਨੂੰ ਵੱਖ-ਵੱਖ ਸਥਾਨਾਂ ’ਤੇ ਤਾਇਨਾਤ ਕੀਤਾ ਗਿਆ। ਇਸ ਮੌਕੇ ਮਨਮੀਤ ਸਿੰਘ ਢਿੱਲੋਂ ਐੱਸ.ਪੀ. (ਡੀ.) ਸ੍ਰੀ ਮੁਕਤਸਰ ਸਾਹਿਬ, ਹਰਕਮਲ ਕੌਰ ਐੱਸ.ਪੀ. (ਐੱਚ) ਸ੍ਰੀ ਮੁਕਤਸਰ ਸਾਹਿਬ, ਬਚਨ ਸਿੰਘ ਡੀ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ, ਜਤਿੰਦਰ ਸਿੰਘ ਡੀ.ਐੱਸ.ਪੀ. ਗਿੱਦੜਬਾਹਾ, ਹਰਬੰਸ ਸਿੰਘ ਡੀ.ਐੱਸ.ਪੀ. ਲੰਬੀ, ਜਸਪਾਲ ਸਿੰਘ ਡੀ.ਐੱਸ.ਪੀ. ਮਲੋਟ ਸਮੇਤ ਹੋਰ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।