ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਕਪਾਹ ਦੇ ਹੱਥੀਂ ਕੱਤੇ ਸੂਤ ਤੋਂ ਤਿਆਰ ਤਿਰੰਗਾ ਭੇਟ
ਜੈਤੋ, 11 ਅਗਸਤ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਦੀ ਧਰਤੀ, ਪਾਣੀ ਅਤੇ ਵਾਤਾਵਰਨ ਨੂੰ ਬਚਾਉਣ ਦੇ ਨਾਲ-ਨਾਲ ਕੁਦਰਤੀ ਖੇਤੀ ਅਤੇ ਰਵਾਇਤੀ ਖੇਤੀ ਵਿਰਾਸਤ ਨੂੰ ਅੱਗੇ ਤੋਰਨ ਲਈ ਖੇਤੀ ਵਿਰਾਸਤ ਮਿਸ਼ਨ ਦੇ ਵਫ਼ਦ ਨੇ ਪੰਜਾਬ ਵਿਧਾਨ ਸਭਾ ਵਿਖੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ। ਵਫ਼ਦ ਦੀ ਅਗਵਾਈ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ੍ਰੀ ਉਮੇਂਦਰ ਦੱਤ ਨੇ ਕੀਤੀ।
ਜੈਤੋ, 11 ਅਗਸਤ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਦੀ ਧਰਤੀ, ਪਾਣੀ ਅਤੇ ਵਾਤਾਵਰਨ ਨੂੰ ਬਚਾਉਣ ਦੇ ਨਾਲ-ਨਾਲ ਕੁਦਰਤੀ ਖੇਤੀ ਅਤੇ ਰਵਾਇਤੀ ਖੇਤੀ ਵਿਰਾਸਤ ਨੂੰ ਅੱਗੇ ਤੋਰਨ ਲਈ ਖੇਤੀ ਵਿਰਾਸਤ ਮਿਸ਼ਨ ਦੇ ਵਫ਼ਦ ਨੇ ਪੰਜਾਬ ਵਿਧਾਨ ਸਭਾ ਵਿਖੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ। ਵਫ਼ਦ ਦੀ ਅਗਵਾਈ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ੍ਰੀ ਉਮੇਂਦਰ ਦੱਤ ਨੇ ਕੀਤੀ। ਮੁਲਾਕਾਤ ਦੌਰਾਨ ਵਫ਼ਦ ਵਲੋਂ ਸ: ਸੰਧਵਾਂ ਨੂੰ ਦੇਸੀ ਅਤੇ ਜ਼ਹਿਰ ਮੁਕਤ ਕਪਾਹ ਦੇ ਹੱਥੀਂ ਕੱਤੇ ਸੂਤ ਤੋਂ ਤਿਆਰ ਕੀਤਾ ਤਿਰੰਗਾ ਭੇਟ ਕੀਤਾ ਗਿਆ। ਇਸ ਮੌਕੇ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਉਚੇਚੇ ਤੌਰ ’ਤੇ ਮੌਜੂਦ ਸਨ। ਇਹ ਤਿਰੰਗਾ ਕੁਦਰਤੀ ਖੇਤੀ , ਦੇਸੀ ਕਪਾਹ, ਹੱਥੀਂ ਕੱਤੇ ਸੂਤ ਅਤੇ ਪੰਜਾਬ ਦੀ ਰਵਾਇਤੀ ਬੁਣਾਈ ਦੀ ਵਿਰਾਸਤ ਦਾ ਪ੍ਰਤੀਕ ਸੀ। ਵਫ਼ਦ ਨੇ ਸਪੀਕਰ ਨੂੰ ਖੇਤੀ ਵਿਰਾਸਤ ਮਿਸ਼ਨ ਵਲੋਂ ਪਿਛਲੇ ਦੋ ਦਹਾਕਿਆਂ ਤੋਂ ਕੁਦਰਤੀ ਖੇਤੀ, ਦੇਸੀ ਬੀਜਾਂ ਦੀ ਸੰਭਾਲ, ਜ਼ਹਿਰ ਮੁਕਤ ਖੁਰਾਕ ਪ੍ਰਣਾਲੀ, ਮਿੱਟੀ ਅਤੇ ਪਾਣੀ ਦੀ ਸੰਭਾਲ ਅਤੇ ਰਵਾਇਤੀ ਗਿਆਨ ਨੂੰ ਅੱਗੇ ਤੋਰਨ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕੁਦਰਤੀ ਖੇਤੀ ਨੂੰ ਹੋਰ ਵੱਡੇ ਪੱਧਰ ’ਤੇ ਉਤਸ਼ਾਹਿਤ ਕਰਨ, ਕਿਸਾਨਾਂ ਨੂੰ ਸਿਖਲਾਈ ਦੇਣ ਅਤੇ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੀ ਰਵਾਇਤੀ ਖੇਤੀ ਤੇ ਹੁਨਰਾਂ ਨਾਲ ਜੋੜਨ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਵਫ਼ਦ ਵਲੋਂ ਜ਼ਹਿਰ ਮੁਕਤ ਘਰੇਲੂ ਬਗੀਚੀ, ਮਿਲੇਟ ਅਤੇ ਦੇਸੀ ਕਪਾਹ ਨੂੰ ਉਤਸ਼ਾਹਿਤ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖੇਤੀ ਵਿਰਾਸਤ ਮਿਸ਼ਨ ਵਲੋਂ ਕੁਦਰਤੀ ਖੇਤੀ ਅਤੇ ਵਾਤਾਵਰਨ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਇਸ ਦਿਸ਼ਾ ਵਿਚ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਇਸ ਵਫਦ ਵਿਚ ਹਰਮੇਲ ਪਰੀਤ, ਰਾਣੀ, ਸੁਖਦੇਵ ਸਿੰਘ ਗੋਰਾ, ਜਗਤਾਰ ਸਹੋਤਾ, ਰਮੇਸ਼ ਮਾਂਡੀਆ, ਪੁਲਕਿਤ ਜੈਨ, ਗਗਨਦੀਪ ਕੌਰ, ਕੁਦਰਤੀ ਖੇਤੀ ਨਾਲ ਜੁੜੇ ਕਿਸਾਨ ਗੁਰਤੇਜ ਸਿੰਘ ਛੱਤੇਆਣਾ, ਬਲਵਿੰਦਰ ਸਿੰਘ ਮੱਲਣ, ਤ੍ਰਿੰਞਣ ਬੁਣਕਰ ਪਾਠਸ਼ਾਲਾ ਨਾਲ ਜੁੜੇ ਬੁਣਕਰ ਸ਼ਿੰਦਰ ਕੌਰ, ਗੁਰਮੀਤ ਕੌਰ, ਰਜਨੀ, ਪ੍ਰਦੀਪ ਕੌਰ ਅਤੇ ਗੁਰਸਿਮਰਨ ਸਿੰਘ ਲੱਕੀ ਸ਼ਾਮਿਲ ਸਨ।