ਰਾਜਪੁਰਾ, 31 ਅਕਤੂਬਰ (ਜੀ. ਪੀ. ਸਿੰਘ)-ਰਾਜਪੁਰਾ-ਪਟਿਆਲਾ ਸ਼ਾਹ ਮਾਰਗ `ਤੇ ਪਿੰਡ ਭੱਦਕ ਪੈਟਰੋਲ ਪੰਪ ਨੇੜੇ ਸੜਕ ਕਿਨਾਰੇ ਤੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਪਹਿਚਾਣ ਨਾ ਹੋਣ ਕਰਕੇ ਥਾਣਾ ਖੇੜੀ ਗੰਡਿਆ ਦੀ ਪੁਲਿਸ ਵਲੋਂ ਲਾਸ਼ ਨੂੰ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ ’ਚ 72 ਘੰਟਿਆਂ ਲਈ ਪਹਿਚਾਣ ਵਾਸਤੇ ਰਖਵਾ ਦਿੱਤਾ ਹੈ। ਇਸ ਸੰਬੰਧੀ ਥਾਣਾ ਖੇੜੀ ਗੰਡਿਆਂ ਪੁਲਿਸ ਦੇ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਭੱਦਕ ਪੈਟਰੋਲ ਪੰਪ ਨੇੜੇ ਸੜਕ ਕਿਨਾਰੇ ਇਕ ਅਨਪਛਾਤੇ ਵਿਅਕਤੀ ਦੀ ਲਾਸ਼ ਪਈ ਹੈ। ਜਦੋਂ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਮ੍ਰਿਤਕ ਨੇ ਚਿੱਟੇ ਰੰਗ ਦੀ ਕਮੀਜ਼ ਤੇ ਨੀਲੇ ਰੰਗ ਦੀ ਲੋਅਰ ਪਾਈ ਹੋਈ ਹੈ ਅਤੇ ਸਿਰ ਤੇ ਦਾੜੀ ਦੇ ਵਾਲ ਰੱਖੇ ਹੋਏ ਹਨ, ਜਿਸ ਦੀ ਪਹਿਚਾਣ ਨਹੀਂ ਹੋ ਸਕੀ ਜਿਸ ’ਤੇ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ `ਚ 72 ਘੰਟਿਆਂ ਦੇ ਲਈ ਪਹਿਚਾਣ ਵਾਸਤੇ ਰੱਖਵਾ ਦਿੱਤਾ ਹੈ।