ਪਟਿਆਲਾ, 20 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਡੀ.ਏ.ਵੀ. ਪਬਲਿਕ ਸਕੂਲ, ਵਿਖੇ ਅਧਿਆਪਕਾਂ ਦੇ ਪੇਸ਼ੇਵਰ ਹੁਨਰਾਂ ਨੂੰ ਨਿਖਾਰਨ, ਅਧਿਆਪਨ ਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਤੇ ਆਧੁਨਿਕ ਅਧਿਆਪਨ-ਸਿੱਖਣ ਰਣਨੀਤੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਦੋ ਦਿਨਾਂ ਸਮਰੱਥਾ ਵਿਕਾਸ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਵੱਖ-ਵੱਖ ਡੀ. ਏ. ਵੀ. ਸੰਸਥਾਵਾਂ ਦੇ ਪ੍ਰਸਿੱਧ ਪ੍ਰਿੰਸੀਪਲਾਂ ਤੇ ਸਿੱਖਿਆ ਸ਼ਾਸਤਰੀਆਂ ਨੇ ਭਾਗ ਲਿਆ। ਇਸ ਮੌਕੇ ਪ੍ਰੋਗਰਾਮ ਵਿਚ ਵਿਵੇਕ ਤਿਵਾਰੀ ਪ੍ਰਿੰਸੀਪਲ ਡੀ. ਏ. ਵੀ. ਅਤੇ ਕਲੱਸਟਰ ਹੈੱਡ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਸ੍ਰੀਮਤੀ ਅਨੁ ਤਿਵਾਰੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਪ੍ਰੋਗਰਾਮ ਵਿਚ ਪੂਨਮ ਸਿੰਘ ਪ੍ਰਿੰਸੀਪਲ ਡੀ. ਏ. ਵੀ. ਪਬਲਿਕ ਸਕੂਲ ਬਾਦਸ਼ਾਹਪੁਰ ਮੰਡੀ, ਵੀ. ਕੇ. ਮਿੱਤਲ, ਪ੍ਰਿੰਸੀਪਲ, ਡੀ. ਏ. ਵੀ. ਪਬਲਿਕ ਸਕੂਲ ਨਾਭਾ, ਸਾਹਿਬ ਸਿੰਘ ਪ੍ਰਿੰਸੀਪਲ ਡੀ.ਏ.ਵੀ. ਸੈਂਟੇਨਰੀ ਪਬਲਿਕ ਸਕੂਲ ਨਾਭਾ, ਸੰਜੀਵ ਕੁਮਾਰ ਸ਼ਰਮਾ ਪ੍ਰਿੰਸੀਪਲ, ਬਾਬੂ ਬ੍ਰਿਸ਼ ਭਾਨ ਡੀ.ਏ.ਵੀ. ਪਬਲਿਕ ਸਕੂਲ ਮੂਨਕ, ਸੈਣੀ ਰਣਵੀਰ ਸਿੰਘ ਪ੍ਰਿੰਸੀਪਲ ਡੀ. ਏ. ਵੀ. ਸੈਂਟੇਨਰੀ ਪਬਲਿਕ ਸਕੂਲ, ਮਲੇਰਕੋਟਲਾ ਤੇ ਬੀਰ ਬਹਾਦਰ ਬੱਟਾ, ਅਧਿਆਪਕ ਇੰਚਾਰਜ, ਬੀ. ਬੀ. ਡੀ. ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਚਨਾਰਥਲ ਖੁਰਦ ਸ਼ਾਮਲ ਸਨ। ਇਸ ਮੌਕੇ ਵਿਵੇਕ ਤਿਵਾਰੀ ਪ੍ਰਿੰਸੀਪਲ ਅਤੇ ਕਲੱਸਟਰ ਹੈੱਡ, ਡੀ. ਏ. ਵੀ . ਪਬਲਿਕ ਸਕੂਲ, ਪਟਿਆਲਾ ਨੇ ਅਧਿਆਪਕਾਂ ਦੀ ਨਿਰੰਤਰ ਸਿਖਲਾਈ ਨੂੰ ਸਿੱਖਿਆਤਮਕ ਉੱਤਮਤਾ ਬਣਾਈ ਰੱਖਣ ਅਤੇ ਬਦਲਦੀਆਂ ਸਿੱਖਿਆਤਮਕ ਲੋੜਾਂ ਅਨੁਸਾਰ ਆਪਣੇ ਆਪ ਨੂੰ ਵਿਕਸਿਤ ਕਰਨ ਲਈ ਬਹੁਤ ਜ਼ਰੂਰੀ ਦੱਸਿਆ। ਉਨ੍ਹਾਂ ਨੇ ਅਧਿਆਪਕਾਂ ਨੂੰ ਪ੍ਰੋਗਰਾਮ ਦੌਰਾਨ ਪ੍ਰਾਪਤ ਕੀਤੇ ਗਿਆਨ ਤੇ ਨਵੀਆਂ ਅਧਿਆਪਨ ਰਣਨੀਤੀਆਂ ਨੂੰ ਆਪਣੀਆਂ ਜਮਾਤਾਂ ਵਿਚ ਲਾਗੂ ਕਰਨ ਲਈ ਪ੍ਰੇਰਿਤ ਕੀਤਾ, ਤਾਂ ਜੋ ਵਿਦਿਆਰਥੀਆਂ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਅਰਥਪੂਰਨ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ। ਇਸ ਮੌਕੇ ਅਧਿਆਪਕਾਂ ਨੂੰ ਨਵੀਆਂ ਅਧਿਆਪਨ ਵਿਧੀਆਂ ਅਪਣਾਉਣ, ਆਪਣੇ ਅਧਿਆਪਨ ਹੁਨਰਾਂ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਆਤਮ-ਵਿਸ਼ਵਾਸੀ, ਯੋਗ ਤੇ ਜ਼ਿੰਮੇਵਾਰ ਵਿਦਿਆਰਥੀਆਂ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।