ਪਟਿਆਲਾ, 16 ਮਈ (ਧਰਮਿੰਦਰ ਸਿੰਘ ਸਿੱਧੂ)-ਅੱਜ ਸੁਰਜੀਤ ਸਿੰਘ ਰੱਖੜਾ ਦੇ ਸ਼ਾਮਲ ਸਮਾਗਮ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵੱਡਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜਿਥੇ ਬਿਜਲੀ ਦੀਆਂ ਤਾਰਾਂ ਖੰਭਿਆਂ ਤੋਂ ਉਤਾਰ ਕੇ ਜ਼ਮੀਨਦੋਜ਼ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਆਉਣ ਵਾਲੇ ਤਿੰਨ ਚਾਰ ਦਿਨਾਂ ਵਿਚ ਮੇਰੇ ਪਿੰਡ ਸਤੌਜ ਤੋਂ 400 ਬਿਜਲੀ ਦੇ ਖੰਭਿਆਂ ਨੂੰ ਖੇਤਾਂ ਵਿਚੋਂ ਬਾਹਰ ਕੱਢ ਕੇ ਬਿਜਲੀ ਦੀਆਂ ਤਾਰਾਂ ਨੂੰ ਜ਼ਮੀਨਦੋਜ਼ ਕਰਦਿਆਂ 15 ਦਿਨਾਂ ਵਿਚ ਵੀਡੀਓ ਪਾ ਕੇ ਦਿਖਾਵਾਂਗੇ | ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਖੇਤਾਂ ਵਿਚ ਖੜੇ ਖੰਭਿਆਂ ਨੂੰ ਦੇਖਦਿਆਂ ਕਿਸਾਨਾਂ ਦੇ ਦਰਦ ਨੂੰ ਸਮਝਦੇ ਹਨ ਅਤੇ ਕਿਸਾਨਾਂ ਦੇ ਖੇਤਾਂ ਵਿਚ ਲਮਕਦੀਆਂ ਤਾਰਾਂ ਜਾਂ ਟੇਢੇ ਹੋਏ ਖੰਭਿਆਂ ਨੂੰ ਠੀਕ ਕਰਵਾਉਣ ਲਈ ਉਨ੍ਹਾਂ ਜੱਦੋ ਜਹਿਦ ਕਰਨੀ ਪੈਂਦੀ ਹੈ ਜਿਸ ਤੋਂ ਜਲਦ ਹੀ ਛੁਟਕਾਰਾ ਮਿਲੇਗਾ | ਉਨ੍ਹਾਂ ਕਿਹਾ ਕਿ ਹੁਣ ਜ਼ਮੀਨਦੋਜ਼ ਫਾਈਬਰ ਦੀਆਂ ਤਾਰਾਂ ਪਾਈਆਂ ਜਾਣਗੀਆਂ | ਜਿਨ੍ਹਾਂ ਕਾਰਨ ਨਾ ਖੇਤਾਂ ਵਿਚ ਅੱਗ ਲੱਗੇਗੀ ਨਾ ਗਰਮੀ ਕਰਕੇ ਤਪਣ ਦਾ ਖ਼ਤਰਾ ਹੋਵੇਗਾ | ਤਾਰਾਂ ਢਿੱਲੀਆਂ ਹੋਣ ਕਾਰਨ ਜੋ ਬਿਜਲੀ ਟਰਾਂਸਮਿਸ਼ਨ ਦਾ ਘਾਟਾ ਪੈਂਦਾ ਸੀ ਅਤੇ ਮੀਂਹ ਹਨੇਰੀ ਕਾਰਨ ਜੋ ਤਾਰਾਂ, ਖੰਭਿਆਂ ਦਾ ਨੁਕਸਾਨ ਹੋ ਕੇ ਬਿਜਲੀ ਨਿਗਮ ਨੂੰ ਕਰੋੜਾਂ ਦਾ ਨੁਕਸਾਨ ਝੱਲਣਾ ਪੈਂਦਾ ਸੀ ਇਨ੍ਹਾਂ ਫਾਈਬਰ ਦੀਆਂ ਤਾਰਾਂ ਨਾਲ ਇਸ ਤੋਂ ਨਿਜਾਤ ਮਿਲੇਗੀ | ਇਸ ਤੋਂ ਇਲਾਵਾ ਖੰਭਿਆਂ ਕਾਰਨ ਹੁੰਦੇ ਖੇਤੀ ਦੇ ਨੁਕਸਾਨ ਅਤੇ ਲਮਕਦੀਆਂ ਤਾਰਾਂ ਕਾਰਨ ਜਾਨਾਂ ਦੇ ਨੁਕਸਾਨ ਨੂੰ ਜਿਥੇ ਠੱਲ੍ਹ ਪਵੇਗੀ ਉੱਥੇ ਹੀ ਬਿਜਲੀ ਨਿਗਮ ਦੀ ਬਿਜਲੀ ਦੀ ਬੱਚਤ ਵੀ ਹੋਵੇਗੀ |