ਬਹਾਦਰਗੜ੍ਹ, 16 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਬਹਾਦਰਗੜ ਵਿਖੇ ਚੱਲ ਰਹੇ ਕੋਰਸ ਬੈਚੁਲਰ ਆਫ ਮੈਨੇਜਮੈਂਟ (ਗੁਰਦੁਆਰਾ ਮੈਨੇਜਮੈਂਟ) ਅਤੇ ਬੈਚੁਲਰ ਆਫ ਆਰਟਸ (ਮੇਜਰ ਇੰਨ ਗੁਰਮੁਖੀ ਐਜੂਕੇਸ਼ਨ) ਕੋਰਸਾਂ ਦੇ ਵਿਦਿਆਰਥੀਆਂ ਦੀ ਟਰੇਨਿੰਗ ਦੀ ਆਰੰਭਤਾ ਅਤੇ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਦਾ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਸਮਾਗਮ ਦੀ ਆਰੰਭਤਾ ਵਿਦਿਆਰਥੀਆਂ ਵਲੋਂ ਕਵੀਸ਼ਰੀ ਅਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਵਿਚਾਰ ਪੇਸ਼ ਕਰਕੇ ਕੀਤੀ ਗਈ | ਇੰਸਟੀਚਿਊਟ ਦੇ ਇੰਚਾਰਜ ਸੰਦੀਪ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕੋਰਸਾਂ ਦੀ ਮੁੱਢਲੀ ਜਾਣਕਾਰੀ ਦਿੱਤੀ | ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਿਆਣ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਡਾ. ਜਸਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸਮੇਂ ਦੀ ਸਦਵਰਤੋਂ ਬਾਰੇ ਜਾਣਕਾਰੀ ਦਿੱਤੀ | ਉਨਾਂ ਕਿਹਾ ਕਿ ਦੁਨਿਆਵੀ ਪੜਾਈ ਦੇ ਨਾਲ-ਨਾਲ ਅਧਿਆਤਮਿਕ ਪੜ੍ਹਾਈ ਵੀ ਜ਼ਰੂਰੀ ਹੈ | ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਕੋਰਸਾਂ ਦੀ ਮਹੱਤਤਾ ਬਾਰੇ ਕਿਹਾ ਕਿ ਇਨਾਂ ਕੋਰਸਾਂ ਦੀ ਗੁਰਦੁਆਰਾ ਪ੍ਰਬੰਧ ਦੇ ਖੇਤਰ ਵਿਚ ਬਹੁਤ ਵੱਡੀ ਮਹਾਨਤਾ ਹੈ | ਉਨਾਂ ਨੇ ਗੁਰਦੁਆਰਾ ਪ੍ਰਬੰਧ ਨਾਲ ਸੰਬੰਧਿਤ ਜ਼ਰੂਰੀ ਨੁਕਤੇ ਸਾਂਝੇ ਕੀਤੇ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਮੇਰ ਸਿੰਘ ਲਾਛੜੂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਰੁਜ਼ਗਾਰ ਦੇ ਨਾਲ-ਨਾਲ ਸੇਵਾ ਕਰਨ ਲਈ ਵੀ ਪ੍ਰੇਰਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫ਼ਤਿਹਗੜ ਸਾਹਿਬ ਦੇ ਉਪ ਕੁਲਪਤੀ ਡਾ. ਪਿ੍ਤਪਾਲ ਸਿੰਘ ਨੇ ਇਨਾਂ ਕੋਰਸਾਂ ਦੀ ਆਰੰਭਤਾ ਬਾਰੇ ਦੱਸਿਆ ਕਿ ਇਹ ਕੋਰਸ ਵੱਖ-ਵੱਖ ਗੁਰਦੁਆਰਾ ਸਾਹਿਬਾਨ ਲਈ ਚੰਗੇ ਪ੍ਰਬੰਧਕ ਤਿਆਰ ਕਰਨ ਹਿਤ ਆਰੰਭ ਕੀਤੇ ਗਏ ਸਨ | ਉਨਾਂ ਕਿਹਾ ਕਿ ਇਨਾਂ ਕੋਰਸਾਂ ਰਾਹੀਂ ਵਿਦਿਆਰਥੀ ਜਿੱਥੇ ਅਕਾਦਮਿਕ ਸਿੱਖਿਆ ਪ੍ਰਾਪਤ ਕਰਦੇ ਹਨ ਉੱਥੇ ਨਿਤਨੇਮ ਰਾਹੀਂ ਸੁਚੱਜੇ ਜੀਵਨ ਅਤੇ ਗੁਰਮਤਿ ਦੀ ਵੀ ਪ੍ਰਾਪਤੀ ਕਰਦੇ ਹਨ | ਇੰਸਟੀਚਿਊਟ ਦੇ ਪਿ੍ੰਸੀਪਲ ਸੁਖਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਇਸ ਉਪਰੰਤ ਮਹਿਮਾਨਾਂ ਅਤੇ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਇੰਸਟੀਚਿਊਟ ਦਾ ਸਮੂਹ ਸਟਾਫ਼ ਮੌਜੂਦ ਸੀ |