ਘਨੌਰ, 16 ਮਈ (ਸਰਦਾਰਾ ਸਿੰਘ ਲਾਛੜੂ)-ਬੀਤੀ ਰਾਤ ਆਏ ਤੇਜ ਤੂਫ਼ਾਨ ਤੇ ਅਸਮਾਨੀ ਬਿਜਲੀ ਨੇ ਹਲਕਾ ਘਨੌਰ ਦੇ ਪਿੰਡ ਬੱਲੋਪੁਰ ਦੇ ਨੌਜਵਾਨ ਵਿਕਰਮਜੀਤ ਸਿੰਘ ਦੇ ਸੁਪਨੇ ਤਬਾਹ ਕਰ ਦਿੱਤੇ | ਤੂਫ਼ਾਨ ਦੌਰਾਨ ਉਸ ਦੇ ਪੋਲਟਰੀ ਫਾਰਮ ਦੀ ਛੱਤ ਤਕਰੀਬਨ 60 ਫੁੱਟ ਉੱਪਰ ਉੱਡ ਕੇ ਹਵਾ 'ਚ ਪਲਟੀ ਖਾਂਦੀ ਹੋਈ ਨਾਲ ਦੇ ਖੇਤਾਂ 'ਚ ਜਾ ਡਿੱਗੀ | ਇਸ ਕੁਦਰਤੀ ਆਫ਼ਤ ਨਾਲ ਪੋਲਟਰੀ ਫਾਰਮ ਦੀ ਦੂਜੀ ਮੰਜ਼ਿਲ ਪੂਰੀ ਤਰਾਂ ਢਹਿ-ਢੇਰੀ ਹੋ ਗਈ, ਜਦਕਿ ਪਹਿਲੀ ਮੰਜ਼ਿਲ ਵੀ ਤਕਰੀਬਨ 60 ਫ਼ੀਸਦੀ ਨੁਕਸਾਨੀ ਗਈ ਹੈ | ਇਸ ਘਟਨਾ 'ਚ ਵਿਕਰਮਜੀਤ ਸਿੰਘ ਦਾ ਕਰੀਬ 25 ਲੱਖ ਰੁਪਏ ਦਾ ਭਾਰੀ ਨੁਕਸਾਨ ਹੋ ਗਿਆ | ਵਿਕਰਮਜੀਤ ਸਿੰਘ ਨੇ ਦੱਸਿਆ ਕਿ ਘਟਨਾ ਵੇਲੇ ਉਹ ਫਾਰਮ 'ਚ ਹੀ ਮੌਜੂਦ ਸੀ | ਉਸ ਨੇ ਕਿਹਾ, ''ਹਵਾ ਬਹੁਤ ਜ਼ੋਰਦਾਰ ਸੀ ਤੇ ਇਕ ਜ਼ੋਰਦਾਰ ਧਮਾਕਾ ਹੋਇਆ | ਲੱਗਾ ਜਿਵੇਂ ਪਹਿਲਾਂ ਅਸਮਾਨੀ ਬਿਜਲੀ ਡਿੱਗੀ ਹੋਵੇ ਤੇ ਫਿਰ ਤੇਜ਼ ਤੂਫ਼ਾਨ ਫਾਰਮ 'ਚ ਦਾਖਲ ਹੋ ਗਿਆ | ਸ਼ੈੱਡ ਖੜਕਣ ਲੱਗ ਪਿਆ ਤੇ ਖੇਤਾਂ 'ਚ ਜਾ ਡਿੱਗਾ | ਪੀੜਤ ਨੌਜਵਾਨ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਹ ਵਿਦੇਸ਼ ਜਾਣ ਦੀ ਥਾਂ ਕਰਜ਼ਾ ਲੈ ਕੇ ਪਿਛਲੇ ਕੁਝ ਸਾਲਾਂ ਤੋਂ ਪੋਲਟਰੀ ਫਾਰਮ ਚਲਾ ਕੇ ਆਪਣੇ ਆਰਥਿਕ ਹਾਲਾਤਾਂ ਨਾਲ ਲੜ ਰਿਹਾ ਸੀ | ਕੁਦਰਤੀ ਮਾਰ ਨੇ ਕੁਝ ਸਕਿੰਟਾਂ 'ਚ ਹੀ ਮੇਰੇ ਸੁਪਨੇ ਉਡਾ ਦਿੱਤੇ | ਸੰਘਰਸ਼ ਦੇ ਦਿਨਾਂ 'ਚ ਇੰਨਾ ਵੱਡਾ ਨੁਕਸਾਨ ਝੱਲਣਾ ਬਹੁਤ ਔਖਾ ਹੈ ਪਰ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੈ, ਉਸ ਅੱਗੇ ਕਿਸੇ ਦਾ ਵੱਸ ਨਹੀਂ, ਉਸ ਨੇ ਕਿਹਾ | ਇਸ ਮੌਕੇ ਪਿੰਡ ਵਾਸੀ ਗੁਰਦੀਪ ਸਿੰਘ, ਜਗਤਾਰ ਸਿੰਘ, ਮਨਦੀਪ ਸਿੰਘ, ਗੁਰਵਿੰਦਰ ਸਿੰਘ ਤੇ ਭੁਪਿੰਦਰ ਸਿੰਘ ਨੇ ਕਿਹਾ ਕਿ ਵਿਕਰਮਜੀਤ ਸਿੰਘ ਮਿਹਨਤੀ ਨੌਜਵਾਨ ਹੈ | ਉਨਾਂ ਸਮਾਜ ਸੇਵੀ ਸੰਸਥਾਵਾਂ ਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਪੀੜਤ ਨੌਜਵਾਨ ਦੀ ਮਦਦ ਲਈ ਅੱਗੇ ਆਉਣ ਤਾਂ ਜੋ ਉਹ ਮੁੜ ਆਪਣਾ ਪੋਲਟਰੀ ਫਾਰਮ ਖੜਾ ਕਰ ਸਕੇ |