ਪਟਿਆਲਾ, 16 ਮਈ (ਧਰਮਿੰਦਰ ਸਿੰਘ ਸਿੱਧੂ)-ਸੰਯੁਕਤ ਕਿਸਾਨ ਮੋਰਚਾ ਪਟਿਆਲਾ ਵਲੋਂ ਜ਼ਿਲੇ 'ਚ ਵੱਖ-ਵੱਖ ਥਾਵਾਂ ਸਹਿਤ ਸਥਾਨਕ ਨਹਿਰੂ ਪਾਰਕ ਵਿਖੇ ਕਿਸਾਨਾਂ ਨੇ ਇਕੱਠੇ ਹੋ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਪੁਰਾਣੇ ਬੱਸ ਸਟੈਂਡ ਦੇ ਚੌਕ ਵਿਚ ਗਵਰਨਰ ਪੰਜਾਬ ਤੇ ਭਾਜਪਾ ਦਾ ਪੁਤਲਾ ਫੂਕਿਆ ਗਿਆ | ਸਮੂਹ ਬੁਲਾਰਿਆਂ ਵਲੋਂ ਪਾਣੀਆਂ ਦੇ ਮਸਲੇ ਹੱਲ ਕਰਾਉਣ ਲਈ ਗਵਰਨਰ ਹਾਊਸ ਵੱਲ ਸ਼ਾਂਤਮਈ ਜਾਂਦੇ ਹੋਏ ਕਿਸਾਨਾਂ ਨੂੰ ਬੈਰੀਕੇਡਿੰਗ ਕੰਡੇਦਾਰ ਤਾਰਾਂ, ਵੱਡੇ ਟਿੱਪਰ ਖੜੇ ਕਰ ਕੇ ਰੋਕਿਆ ਗਿਆ | ਕਿਸਾਨਾਂ ਵਲੋਂ ਜਿਵੇਂ ਪੰਜਾਬ ਦੀ ਹੱਦ 'ਤੇ ਲਾਏ ਗਏ ਤੋੜੇ ਬੈਰੀਕੇਡਾਂ ਵਾਂਗ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸਾਨਾਂ ਤੇ ਅੰਨੇਵਾਹ ਅੱਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਤੇਜ ਤੇ ਤਿੱਖੀਆਂ ਬੁਛਾੜਾਂ ਮਾਰੀਆਂ ਗਈਆਂ | ਜਿਸ ਨਾਲ ਕਾਫੀ ਕਿਸਾਨ ਜ਼ਖਮੀ ਹੋਏ , ਜਿੰਨਾ ਦੀਆਂ ਅੱਖਾਂ ਨੁਕਸਾਨੀਆਂ ਗਈਆਂ ਤੇ ਲੱਤਾਂ ਬਾਂਹਾਂ ਤੇ ਗੰਭੀਰ ਸੱਟਾਂ ਲੱਗੀਆਂ | ਚੰਡੀਗੜ ਪੰਜਾਬ ਦੀ ਰਾਜਧਾਨੀ ਹੋਵੇ, ਜੋ ਕਿ ਸਾਡੇ ਪਿੰਡਾਂ ਦਾ ਉਜਾੜਾ ਕਰਕੇ ਬਣਾਈ ਹੋਵੇ ਪਰ ਸਿਤਮ ਜਰੀਫੀ ਇਹ ਹੈ ਕਿ ਲੋਕ ਮੰਗਾਂ ਮਸਲਿਆਂ ਦੇ ਹੱਲ ਲਈ ਜਾਹ ਨਾ ਸਕਣ | ਇਹ ਕਿੱਥੋਂ ਦਾ ਤੇ ਕਿਸ ਕਿਸਮ ਦਾ ਲੋਕਤੰਤਰ ਹੈ? ਸਾਰੇ ਆਗੂਆਂ ਵਲੋਂ ਗਵਰਨਰ ਪੰਜਾਬ ਤੇ ਭਾਜਪਾ ਦੀ ਸ਼ਹਿ 'ਤੇ ਚੰਡੀਗੜ ਦੇ ਪੁਲਿਸ ਪ੍ਰਸ਼ਾਸਨ ਦੀ ਕੀਤੀ ਗਈ ਬੁਰਛਾਗਰਦੀ ਤੇ ਗੁੰਡਾਗਰਦੀ ਦੀ ਕਰੜੀ ਨਿੰਦਾ ਸਹਿਤ ਨਿਖੇਧੀ ਕੀਤੀ ਗਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਬੇਲੂਮਾਜਰਾ, ਦਵਿੰਦਰ ਸਿੰਘ ਪੂਨੀਆ, ਬਲਰਾਜ ਜੋਸ਼ੀ, ਕਰਮ ਸਿੰਘ, ਹਰਬੰਸ ਦਦਹੇੜਾ, ਹਰਦੀਪ ਸਿੰਘ ਸਾਬਕਾ ਸੈਨਿਕ ਆਗੂ, ਸੁਰਿੰਦਰ ਸਿੰਘ ਖ਼ਾਲਸਾ, ਹਰਜੀਤ ਸਿੰਘ ਆਗੂਆਂ ਨੇ ਸੰਬੋਧਨ ਕੀਤਾ |