ਨਿਤ ਦਿਨ ਆਵਾਜਾਈ ਦੇ ਰਾਹ 'ਚ ਰੋੜਾ ਬਣ ਰਹੇ ਬਿਜਲੀ ਨਿਗਮ ਅੱਗੇ ਲੱਗਦੇ ਧਰਨਿਆਂ ਤੋਂ ਲੋਕ ਦੁਖੀ
ਅਜੀਤ ਡੈਸਕ
15-04-2026
ਪਟਿਆਲਾ, 14 ਅਪ੍ਰੈਲ-ਬਿਜਲੀ ਨਿਗਮ ਦੇ ਮੁੱਖ ਗੇਟ ਸਾਹਮਣੇ ਸਹਿਰ ਦੀ ਮੁੱਖ ਸੜਕ 'ਤੇ ਲੱਗਦੇ ਧਰਨਿਆਂ ਕਾਰਨ ਨਿਤ ਦਿਨ ਦੇ ਜਾਮ ਤੋਂ ਜਿੱਥੇ ਸਥਾਨਕ ਲੋਕ ਡਾਢੇ ਦੁਖੀ ਹਨ, ਉੱਥੇ ਹੀ ਸ਼ਹਿਰ ਨੂੰ ਇਸ ਮੁੱਖ ਸੜਕ ਰਾਹੀਂ ਪਾਰ ਕਰਨ ਵਾਲੇ ਬਾਹਰਲੇ ਰਾਹਗੀਰਾਂ ਨੂੰ ਵੀ ਜਾਮ ਦੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ |
ਦੂਜੇ ਪਾਸੇ ਆਵਾਜਾਈ ਪੁਲਿਸ ਦੀ ਘਾਟ ਅਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਇਹ ਸਮੱਸਿਆ ਹੋਰ ਵੀ ਵਿਕਰਾਲ ਬਣ ਜਾਂਦੀ ਹੈ | ਮੁੱਖ ਸੜਕ 'ਤੇ ਲੱਗਦੇ ਇਸ ਧਰਨੇ ਕਾਰਨ, ਜਦੋਂ ਲੋਕ ਦੂਜੀਆਂ ਸੜਕਾਂ ਨੂੰ ਬਦਲਵੇਂ ਰੂਟ ਵਜੋਂ ਵਰਤਦੇ ਹਨ ਤਾਂ ਲਗਭਗ ਸਾਰੇ ਸ਼ਹਿਰ ਵਿਚ ਹੀ ਜਾਮ ਦੀ ਸਥਿਤੀ ਬਣ ਜਾਂਦੀ ਹੈ | ਪਟਿਆਲਾ ਵਿਚ ਬਿਜਲੀ ਨਿਗਮ ਦਾ ਮੁੱਖ ਦਫ਼ਤਰ ਹੋਣ ਕਰਕੇ ਇੱਥੇ ਪਹਿਲਾਂ ਹੀ ਹਫ਼ਤੇ ਵਿਚ ਤਿੰਨ ਦਿਨ ਆਮ ਤੌਰ 'ਤੇ ਧਰਨੇ ਲੱਗਦੇ ਰਹਿੰਦੇ ਹਨ ਪਰ ਹੁਣ ਜਿਵੇਂ-ਜਿਵੇਂ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਿਵੇਂ-ਤਿਵੇਂ ਇਨਾਂ ਧਰਨਿਆਂ ਦਾ ਸਿਲਸਿਲਾ ਨਿੱਤ ਦਿਨ ਦਾ ਬਣਦਾ ਜਾ ਰਿਹਾ ਹੈ | ਇਸ ਕਾਰਨ ਵਿਰਾਸਤੀ ਸ਼ਹਿਰ ਵਿਚ ਬਿਜਲੀ ਨਿਗਮ ਦੇ ਦਫ਼ਤਰ ਹੋਣ ਦਾ ਮਾਣ ਹੁਣ ਲੋਕਾਂ ਲਈ ਸਰਾਪ ਵਿਚ ਬਦਲਦਾ ਜਾ ਰਿਹਾ ਹੈ | ਇਹ ਦਫ਼ਤਰ ਪਟਿਆਲਾ ਸ਼ਹਿਰ ਦੇ ਮੁੱਖ ਮਾਰਗ ਮਾਲ ਰੋਡ 'ਤੇ ਸਥਿਤ ਹੈ ਅਤੇ ਪਟਿਆਲਾ ਨੂੰ ਚੰਡੀਗੜ, ਸਮਾਣਾ ਅਤੇ ਸੰਗਰੂਰ ਵੱਲ ਜੋੜਨ ਲਈ ਰਾਹਗੀਰਾਂ ਨੂੰ ਇਸ ਸੜਕ ਰਾਹੀਂ ਹੀ ਗੁਜ਼ਰਨਾ ਪੈਂਦਾ ਹੈ | ਧਰਨਿਆਂ ਕਾਰਨ ਬੰਦ ਹੋਈ ਇਸ ਸੜਕ ਦੇ ਬਦਲੇ ਵਜੋਂ ਭੁਪਿੰਦਰਾ ਰੋਡ, ਰਜਬਾਹਾ ਰੋਡ ਅਤੇ ਦੂਜੇ ਪਾਸੇ ਠੀਕਰੀ ਵਾਲਾ ਲੀਲਾ ਭਵਨ ਰੋਡ ਦੀ ਵਰਤੋਂ ਕੀਤੀ ਜਾਂਦੀ ਹੈ | ਪਿਛਲੇ ਕਈ ਦਿਨਾਂ ਤੋਂ ਅਪ੍ਰੈਂਟਸ਼ਸ਼ਿਪ ਵਾਲੇ ਬਿਜਲੀ ਬੋਰਡ ਦੇ ਦਫ਼ਤਰ ਸਾਹਮਣੇ ਧਰਨੇ 'ਤੇ ਬੈਠੇ ਹੋਏ ਹਨ ਅਤੇ ਜਦੋਂ ਉਹ ਅੱਜ ਸੰਕੇਤਕ ਧਰਨੇ ਲਈ ਫੁਆਰਾ ਚੌਂਕ 'ਤੇ ਜਾ ਬੈਠੇ ਤਾਂ ਸਵੇਰੇ ਹੀ ਪਟਿਆਲਾ ਦੀ ਆਵਾਜਾਈ ਕਈ ਘੰਟਿਆਂ ਲਈ ਅਸਤ-ਵਿਅਸਤ ਰਹੀ | ਸਥਾਨਕ ਲੋਕ ਅਤੇ ਰਾਹਗੀਰ ਰਜਬਾਹਾ ਰੋਡ, ਭੁਪਿੰਦਰਾ ਰੋਡ ਅਤੇ ਪੁਰਾਣੇ ਬੱਸ ਸਟੈਂਡ ਤੋਂ ਸੇਰਾਂ ਵਾਲੇ ਗੇਟ ਵੱਲ ਜਾਣ ਵਾਲੇ ਰਸਤੇ ਭਟਕਦੇ ਅਤੇ ਪਰੇਸ਼ਾਨ ਨਜ਼ਰ ਆਏ | ਸਾਰਾ ਦਿਨ ਜਾਮ ਕਾਰਨ ਲੋਕ ਘੰਟਿਆਂ ਤੱਕ ਖੱਜਲ-ਖੁਆਰ ਹੁੰਦੇ ਰਹੇ | ਸਥਾਨਕ ਲੋਕਾਂ ਵਿਚ ਹੁਣ ਇਹ ਰਾਏ ਉੱਭਰ ਰਹੀ ਹੈ ਕਿ ਬਿਜਲੀ ਨਿਗਮ ਸਾਹਮਣੇ ਲੱਗਦੇ ਧਰਨਿਆਂ ਦੀ ਥਾਂ ਬਦਲ ਕੇ ਮਾਲਵਾ ਸਿਨੇਮਾ ਜਾਂ ਕਿਸੇ ਹੋਰ ਸੜਕ ਪਾਸੇ ਕੀਤੀ ਜਾਵੇ ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲ ਸਕੇ |