07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਅਨਾਜ ਮੰਡੀ 'ਚ ਕੇਂਦਰ ਤੇ ਰਾਜ ਦੀਆਂ ਟੀਮਾਂ ਵਲੋਂ ਕਣਕ ਦੇ ਲਏ ਨਮੂਨੇ, ਮੀਡੀਆ ਤੋਂ ਬਣਾਈ ਦੂਰੀ

ਅਜੀਤ ਡੈਸਕ 15-04-2026
ਰਾਜਪੁਰਾ, 14 ਅਪ੍ਰੈਲ (ਰਣਜੀਤ ਸਿੰਘ)-ਇੱਥੋਂ ਦੀ ਅਨਾਜ ਮੰਡੀ ਵਿਚ ਉਸ ਵਕਤ ਹਲਚਲ ਦੀ ਗੱਡੀ ਨੇ ਰੇਸ ਫੜ ਲਈ ਜਿਸ ਵਕਤ ਕੇਂਦਰ ਤੋਂ ਆਈ ਟੀਮ ਅਤੇ ਪੰਜਾਬ ਦੀ ਟੀਮ ਨੇ ਕਣਕ ਦੇ ਨਮੂਨੇ ਲਏ ਗਏ ਪਰ ਦੋਨਾਂ ਟੀਮਾਂ ਵਲੋਂ ਮੀਡੀਆ ਤੋਂ ਪਾਸਾ ਵਟਣਾ ਅਤੇ ਕੋਈ ਵੀ ਗੱਲ ਨਾ ਕਰਨ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ੍ਹ ਹੋ ਗਏ ਹਨ | ਇਸ ਦੇ ਨਾਲ ਹੀ ਕਿਸੇ ਵੀ ਅਧਿਕਾਰੀ ਨੇ ਮੰਡੀ ਵਿਚ ਫ਼ਸਲ ਲੈ ਕੇ ਆਏ ਕਿਸਾਨਾਂ ਦੇ ਅੱਲੇ ਜ਼ਖ਼ਮਾਂ 'ਤੇ ਗੱਲਬਾਤ ਦੀ ਪੱਟੀ ਕਰਨ ਦੀ ਬਜਾਏ ਉਨ੍ਹਾਂ ਨਾਲ ਇਕ ਵੀ ਸ਼ਬਦ ਸਾਂਝਾ ਨਹੀਂ ਕੀਤਾ | ਜਾਣਕਾਰੀ ਮੁਤਾਬਿਕ ਅੱਜ ਅਨਾਜ ਮੰਡੀ ਵਿਚ ਕੇਂਦਰ ਅਤੇ ਸੂਬੇ ਦੀ ਟੀਮ ਕਣਕ ਦੇ ਦਾਣੇ ਦੀ ਗੁਣਵੱਤਾ ਅਤੇ ਕੁਦਰਤੀ ਮਾਰ ਕਾਰਨ ਮਾਜੂ ਰਹਿ ਗਏ ਦਾਣੇ ਦੀ ਪ੍ਰਤੀਸ਼ਤਤਾ ਦੀ ਜਾਂਚ ਕਰਨ ਲਈ ਪਹੁੰਚੀ ਸੀ | ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਕੇਂਦਰ ਨੂੰ ਕਣਕ ਦੀ ਪੂਰੀ ਰਿਪੋਰਟ ਦਿੱਤੀ ਜਾ ਸਕੇ | ਇਸ ਦੇ ਨਾਲ ਹੀ ਦੱਸਣਾ ਬਣਦਾ ਹੈ ਕਿ ਕਣਕ ਦੀ ਫ਼ਸਲ ਦੀ ਸਰਕਾਰੀ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ ਪਰ ਸੂਬੇ ਵਿਚ ਬੀਤੇ ਦੋ ਹਫ਼ਤਿਆਂ ਤੋਂ ਲਗਾਤਾਰ ਹੀ ਮੌਸਮ ਕਿਸਾਨਾਂ ਦੇ ਉਲਟ ਭੁਗਤ ਰਿਹਾ ਹੈ | ਕਿਸੇ ਥਾਂ 'ਤੇ ਗੜੇਮਾਰੀ ਹੋ ਜਾਂਦੀ ਹੈ ਅਤੇ ਕਿਸੇ ਥਾਂ 'ਤੇ ਭਾਰੀ ਬਾਰਸ਼ ਨੇ ਕਣਕ ਦੀ ਫ਼ਸਲ ਅਤੇ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਪੂਰੀ ਪ੍ਰਕਿਰਿਆ ਦੌਰਾਨ ਕੇਂਦਰ ਅਤੇ ਸੂਬੇ ਤੋਂ ਆਈਆਂ ਟੀਮਾਂ ਨੇ ਮੀਡੀਆ ਤੋਂ ਪੂਰੀ ਤਰ੍ਹਾਂ ਨਾਲ ਦੂਰੀ ਬਣਾਈ ਹੋਈ ਸੀ | ਜਦੋਂ ਮੀਡੀਆ ਨੇ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਵਿਚੋਂ ਕੇਂਦਰੀ ਟੀਮ ਦਾ ਕਹਿਣਾ ਸੀ ਕਿ ਉਨ੍ਹਾਂ ਗੱਲਬਾਤ ਕਰਨ ਲਈ ਅਧਿਕਾਰਤ ਨਹੀਂ ਹਨ | ਇਸ ਲਈ ਪੰਜਾਬ ਦੇ ਅਧਿਕਾਰੀਆਂ ਨਾਲ ਗੱਲ ਕਰੋ | ਜਦੋਂ ਮੀਡੀਆ ਨੇ ਪੰਜਾਬ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦਾ ਵੀ ਉਹੀ ਹਾਲ ਸੀ ਕਿ ਤਾਏ ਦੀ ਧੀ ਚੱਲੀ ਮੈ ਕਿਉ ਰਹਾਂ ਕੱਲੀ | ਭਾਵ ਪੰਜਾਬ ਦੀ ਟੀਮ ਦੇ ਅਧਿਕਾਰੀ ਜਿਹੜੇ ਜ਼ਿਲ੍ਹਾ ਪੱਧਰ ਤੋਂ ਆਏ ਹੋਏ ਸਨ ਉਹ ਵੀ ਆਪਣੀਆਂ ਕਾਰਾਂ ਵਿਚ ਬੈਠ ਕੇ ਚਲੇ ਗਏ | ਇਸ ਗੱਲ ਨੂੰ ਲੈ ਕੇ ਮੰਡੀ ਵਿਚ ਆਏ ਕਿਸਾਨ ਸੁਰਮੁੱਖ ਸਿੰਘ, ਨੈਬ ਸਿੰਘ, ਜਵੰਦਾ ਸਿੰਘ, ਹਰਦੇਵ ਸਿੰਘ, ਕਰਨੈਲ ਸਿੰਘ, ਮੁਖ਼ਤਿਆਰ ਸਿੰਘ ਅਤੇ ਹੋਰਨਾਂ ਦਾ ਕਹਿਣਾ ਹੈ ਕਿ ਕੇਂਦਰ ਦੀ ਟੀਮ ਨੂੰ ਘੱਟੋ-ਘੱਟ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ | ਉਨ੍ਹਾਂ ਨੂੰ ਸਾਡੇ ਦੁੱਖਾਂ ਦੀ ਕਹਾਣੀ ਸੁਣਨੀ ਚਾਹੀਦੀ ਸੀ | ਇਨ੍ਹਾਂ ਨੇ ਕਿਉ ਮੀਡੀਆ ਨਾਲ ਗੱਲ ਨਹੀਂ ਕੀਤੀ ਇਸ ਦਾ ਹਾਲ ਦੀ ਘੜੀ ਕਿਸੇ ਕੋਲ ਕੋਈ ਜਵਾਬ ਨਹੀਂ ਹੈ |
ਪਿਛਲੀ ਖ਼ਬਰ ਹਲਕਾ ਰਾਜਪੁਰਾ 'ਚ ਕਾਂਗਰਸ ਨੂੰ ਮਿਲਿਆ ਵੱਡਾ ਹੁੰਗਾਰਾ ਅਗਲੀ ਖ਼ਬਰ ਸੀਟੂ ਵਲੋਂ ਡਾ. ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।