ਘਨੌਰ, 14 ਅਪ੍ਰੈਲ (ਸਰਦਾਰਾ ਸਿੰਘ ਲਾਛੜੂ)-ਸੀਟੂ ਵਲੋਂ ਕਸਬਾ ਘਨੌਰ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 135ਵਾਂ ਜਨਮ ਦਿਨ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਡਾ. ਅੰਬੇਦਕਰ ਵਲੋਂ ਜਾਤ-ਪਾਤ ਵਿਰੁੱਧ ਕੀਤੇ ਸੰਘਰਸ਼ਾਂ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਣ ਵਿਚ ਪਾਏ ਯੋਗਦਾਨ 'ਤੇ ਰੌਸ਼ਨੀ ਪਾਈ | ਸੀਟੂ ਜ਼ਿਲ੍ਹਾ ਪਟਿਆਲਾ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਘਨੌਰ ਨੇ ਕਿਹਾ ਕਿ ਡਾ. ਅੰਬੇਦਕਰ ਨੇ ਦੇਸ਼ ਨੂੰ ਧਰਮ ਨਿਰਪੱਖ ਸੰਵਿਧਾਨ ਦਿੱਤਾ, ਜਿਸ ਨੇ ਨਾਗਰਿਕਾਂ ਨੂੰ ਬੋਲਣ, ਲਿਖਣ ਅਤੇ ਪੜ੍ਹਨ ਦੀ ਆਜ਼ਾਦੀ ਦੇ ਨਾਲ-ਨਾਲ ਕਾਨੂੰਨੀ ਬਰਾਬਰਤਾ ਪ੍ਰਦਾਨ ਕੀਤੀ | ਉਨ੍ਹਾਂ ਕਿਹਾ ਕਿ ਨੌਕਰੀਆਂ ਵਿੱਚ ਰਾਖਵੇਂਕਰਨ ਦਾ ਅਧਿਕਾਰ ਵੀ ਬਾਬਾ ਸਾਹਿਬ ਦੀ ਹੀ ਦੇਣ ਹੈ | ਉਨ੍ਹਾਂ ਅਪੀਲ ਕੀਤੀ ਕਿ ਬਾਬਾ ਸਾਹਿਬ ਦੇ ਤਿੰਨ ਨਾਅਰਿਆਂ ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ ਨੂੰ ਅਪਣਾ ਕੇ ਹੀ ਅਸੀਂ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਕਰ ਸਕਦੇ ਹਾਂ | ਸਮਾਗਮ ਦੌਰਾਨ 13 ਅਪ੍ਰੈਲ 1919 ਨੂੰ ਅੰਮਿ੍ਤਸਰ ਦੇ ਜੱਲਿ੍ਹਆਂਵਾਲਾ ਬਾਗ ਵਿਖੇ ਜਨਰਲ ਡਾਇਰ ਦੀ ਗੋਲੀਆਂ ਦਾ ਸ਼ਿਕਾਰ ਹੋਏ ਹਜ਼ਾਰਾਂ ਨਿਰਦੋਸ਼ ਸ਼ਹੀਦਾਂ ਨੂੰ ਯਾਦ ਕਰਦਿਆਂ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ ਗਈ | ਗੁਰਨਾਮ ਸਿੰਘ ਘਨੌਰ ਨੇ ਕੌਮਾਂਤਰੀ ਹਾਲਾਤ 'ਤੇ ਚਿੰਤਾ ਪ੍ਰਗਟ ਕਰਦਿਆਂ ਅਮਰੀਕਾ ਅਤੇ ਇਜਰਾਇਲ ਵਲੋਂ ਈਰਾਨ 'ਤੇ ਕੀਤੇ ਜਾ ਰਹੇ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ | ਉਨ੍ਹਾਂ ਦੋਸ਼ ਲਾਇਆ ਕਿ ਸਾਮਰਾਜੀ ਤਾਕਤਾਂ ਪੂਰੀ ਦੁਨੀਆ ਨੂੰ ਜੰਗ ਵਿੱਚ ਝੋਕਣਾ ਚਾਹੁੰਦੀਆਂ ਹਨ, ਜਦਕਿ ਮਨੁੱਖਤਾ ਦੇ ਭਲੇ ਲਈ 'ਅਮਨ-ਸ਼ਾਂਤੀ' ਬਹੁਤ ਜ਼ਰੂਰੀ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਦੇਵ ਸਿੰਘ ਫੌਜੀ ਕਾਮੀ ਖ਼ੁਰਦ, ਸੋਹਨ ਪਰਮਜੀਤ ਸਿੰਘ, ਕਿਰਪਾਲ ਸਿੰਘ ਬਖੋਰਾ, ਰਣਜੀਤ ਸਿੰਘ ਰੁੜਕੀ, ਜਰਨੈਲ ਸਿੰਘ ਘਨੌਰ, ਛੋਟੀ ਅਤੇ ਰੋਸ਼ਨੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਮਾਜਿਕ ਬਰਾਬਰੀ ਦਾ ਅਹਿਦ ਲਿਆ |