07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਸਨੌਰ ਵਿਖੇ ਵਿਸਾਖੀ ਅਤੇ ਖ਼ਾਲਸਾ ਸਿਰਜਣਾ ਦਿਵਸ ਮੌਕੇ ਵਿਦਿਆਰਥੀਆਂ ਨੇ ਸਭਿਆਚਾਰਕ ਰੰਗ ਬੰਨਿ੍ਹਆ

ਅਜੀਤ ਡੈਸਕ 15-04-2026
ਸਨੌਰ, 14 ਅਪ੍ਰੈਲ (ਮੋਹਣ ਸਿੰਘ ਭੱਟੀ)-ਇਲਾਕੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ 'ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਸਨੌਰ' ਵਿਖੇ ਵਿਸਾਖੀ ਦਾ ਪਵਿੱਤਰ ਤਿਉਹਾਰ ਅਤੇ ਖ਼ਾਲਸਾ ਸਿਰਜਣਾ ਦਿਵਸ ਬੜੀ ਹੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਗਮ ਵਿਚ ਸਕੂਲ ਦੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਬੰਧਕੀ ਕਮੇਟੀ ਨੇ ਇੱਕਜੁੱਟ ਹੋ ਕੇ ਸ਼ਿਰਕਤ ਕੀਤੀ | ਪ੍ਰੋਗਰਾਮ ਦੀ ਸ਼ੋਭਾ ਵਧਾਉਣ ਲਈ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਐਨ.ਆਰ.ਆਈ. ਰਣਜੀਤ ਕੌਰ ਅਤੇ ਸਕੂਲ ਦੇ ਚੇਅਰਮੈਨ ਵਿਵੇਕ ਸ਼ਰਮਾ ਨੇ ਸ਼ਮ੍ਹਾ ਰੌਸ਼ਨ ਕਰਕੇ ਸਮਾਗਮ ਦੀ ਰਸਮੀ ਸ਼ੁਰੂਆਤ ਕੀਤੀ | ਸਮਾਗਮ ਦਾ ਆਗਾਜ਼ ਇਲਾਹੀ ਬਾਣੀ ਦੇ ਸੁਖਾਵੇਂ 'ਸ਼ਬਦ ਗਾਇਨ' ਨਾਲ ਕੀਤਾ ਗਿਆ, ਜਿਸ ਨੇ ਸਮੁੱਚੇ ਸਕੂਲ ਪਰਿਸਰ ਨੂੰ ਅਧਿਆਤਮਿਕਤਾ ਅਤੇ ਸ਼ਾਂਤੀ ਦੇ ਰੰਗ ਵਿਚ ਰੰਗ ਦਿੱਤਾ | ਉਪਰੰਤ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਵੱਖ-ਵੱਖ ਰੰਗਾਰੰਗ ਪ੍ਰੋਗਰਾਮਾਂ ਦੀ ਲੜੀ ਸ਼ੁਰੂ ਹੋਈ | ਖ਼ਾਸ ਖਿੱਚ ਦਾ ਕੇਂਦਰ ਅੱਠਵੀਂ ਤੋਂ ਦਸਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਵਲੋਂ ਪੇਸ਼ ਕੀਤੀ ਗਈ 'ਸਕਿਟ' ਰਹੀ, ਜਿਸ ਰਾਹੀਂ ਉਨ੍ਹਾਂ ਨੇ ਪੰਜਾਬ ਦੇ ਅਮੀਰ ਕਿਸਾਨੀ ਜੀਵਨ, ਹਾੜ੍ਹੀ ਦੀ ਫ਼ਸਲ ਦੀ ਮਹੱਤਤਾ ਅਤੇ ਕਿਸਾਨਾਂ ਦੀ ਮਿਹਨਤ ਨੂੰ ਬੜੇ ਹੀ ਭਾਵੁਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਦਰਸ਼ਕਾਂ ਦੇ ਰੂਬਰੂ ਕੀਤਾ | ਜੂਨੀਅਰ ਵਿੰਗ ਦੀਆਂ ਨਿੱਕੀਆਂ-ਨਿੱਕੀਆਂ ਵਿਦਿਆਰਥਣਾਂ ਨੇ ਰਵਾਇਤੀ ਪਹਿਰਾਵੇ 'ਚ ਸੱਜ ਕੇ ਗਿੱਧਾ ਅਤੇ ਭੰਗੜਾ ਪੇਸ਼ ਕੀਤਾ | ਇਸ ਮੌਕੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਤੇ ਕਲਾਕਿ੍ਤੀਆਂ ਪੇਸ਼ ਕਰਨ ਵਾਲੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਮੁੱਖ ਮਹਿਮਾਨਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ, ਤਾਂ ਜੋ ਉਨ੍ਹਾਂ ਦਾ ਮਨੋਬਲ ਵਧਾਇਆ ਜਾ ਸਕੇ | ਸਮਾਗਮ ਦੇ ਅੰਤ ਵਿਚ ਸਕੂਲ ਪ੍ਰਬੰਧਕ ਬਲਦੀਸ਼ ਕੌਰ ਅਤੇ ਚੇਅਰਮੈਨ ਵਿਵੇਕ ਸ਼ਰਮਾ ਨੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਦੌਰ ਵਿਚ ਪੜ੍ਹਾਈ ਦੇ ਨਾਲ-ਨਾਲ ਅਜਿਹੀਆਂ ਸੱਭਿਆਚਾਰਕ ਅਤੇ ਕਲਾਤਮਕ ਗਤੀਵਿਧੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਅਤਿ ਲੋੜੀਂਦੀਆਂ ਹਨ | ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਨੂੰ ਆਪਣੀ ਵਿਰਾਸਤ ਅਤੇ ਇਤਿਹਾਸ ਨਾਲ ਜੋੜਨ ਵਿਚ ਮਦਦਗਾਰ ਸਾਬਤ ਹੁੰਦੇ ਹਨ | ਇਸ ਮੌਕੇ ਮੁੱਖ ਮਹਿਮਾਨ ਰਣਜੀਤ ਕੌਰ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸਮੂਹ ਨਗਰ ਨਿਵਾਸੀਆਂ ਅਤੇ ਪੰਜਾਬੀਆਂ ਨੂੰ ਵਿਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਦੀਆਂ ਮੁਬਾਰਕਬਾਦ ਦਿੱਤੀਆਂ | ਇਸ ਤਰ੍ਹਾਂ ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਸਨੌਰ ਦਾ ਇਹ ਸਮਾਗਮ ਮੱਖ ਮਹਿਮਾਨ ਸਮੇਤ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਯਾਦਗਾਰੀ ਹੋ ਨਿਬੜਿਆ |
ਪਿਛਲੀ ਖ਼ਬਰ ਵਿਸਾਖੀ ਮੌਕੇ ਗੁਰਜੀਤ ਸਿੰਘ ਕੋਹਲੀ ਨੇ ਕਰਵਾਇਆ ਸਿੱਖੀ ਇਤਿਹਾਸ ਨੂੰ ਸਮਰਪਿਤ ਲਾਈਟ ਐਂਡ ਸਾਊਾਡ ਸਮਾਗਮ ਅਗਲੀ ਖ਼ਬਰ ਡੇਰਾ ਗੁਰਦੁਆਰਾ ਗੁਫਾਸਰ ਰੋੜੇਵਾਲ ਵਿਖੇ ਵਿਸਾਖੀ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।